ਮਲਸੀਆਂ, 15 ਅਕਤੂਬਰ (ਸੁਖਦੀਪ ਸਿੰਘ)- ਜਲੰਧਰ-ਮੋਗਾ ਕੌਮੀ ਮਾਰਗ 'ਤੇ ਮਲਸੀਆਂ ਵਿਖੇ ਕਾਰ ਬਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ 'ਤੇ ਟਿੱਪਰ ਪਲਟਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਰੇਤਾ ਨਾਲ ਭਰਿਆ ਟਿੱਪਰ (ਪੀ.ਬੀ. 08 ਡੀ.ਐਸ. 3987) ਸ਼ਾਹਕੋਟ ਵਾਲੇ ਪਾਸੇ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਿਸਨੂੰ ਜਗਦੀਪ ਸਿੰਘ ਵਾਸੀ ਕਾਲਾ ਸੰਘਿਆ (ਕਪੂਰਥਲਾ) ਚਲਾ ਰਿਹਾ ਸੀ | ਮਲਸੀਆਂ ਫਲਾਈਓਵਰ ਤੋਂ ਹੇਠਾਂ ਉੱਤਰਦੇ ਸਾਰ ਨਕੋਦਰ ਵਾਲੇ ਪਾਸੇ ਸਿਮਰਨ ਕਾਰ ਬਜ਼ਾਰ ਦੇ ਬਾਹਰ ਕੌਮੀ ਮਾਰਗ 'ਤੇ ਟਿੱਪਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਅਚਾਨਕ ਹੀ ਬੇਕਾਬੂ ਹੋ ਕੇ ਕਾਰ ਬਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ 'ਤੇ ਪਲਟ ਗਿਆ | ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਕਾਰ ਬਜ਼ਾਰ ਦੇ ਮਾਲਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਹਾਂਡਾ ਅਮੇਜ਼ ਤੇ ਸਫ਼ਿਟਰ (ਵੀ.ਡੀ.ਆਈ.) ਕਾਰਾਂ ਚਕਨਾਚੂਰ ਹੋ ਗਈਆਂ, ਜਦਕਿ ਵਰਨਾ, ਸਵਿਫ਼ਟ ਤੇ ਆਈ.-20 ਕਾਰਾਂ ਨੁਕਸਾਨੀਆਂ ਗਈਆਂ | ਇਸ ਦੌਰਾਨ ਸਾਡਾ ਕਰੀਬ 22 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਹਾਦਸੇ ਬਾਰੇ ਪਤਾ ਲੱਗਣ 'ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਐਸ.ਆਈ. ਸੁਖਵਿੰਦਰ ਸਿੰਘ ਤੇ ਮਲਸੀਆਂ ਪੁਲਿਸ ਚੌਂਕੀ ਦੇ ਏ.ਐਸ.ਆਈ. ਜਗਦੇਵ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ | ਜਾਂਚ ਅਧਿਕਾਰੀ ਏ.ਐਸ.ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਦਸੇ ਬਾਰੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |