ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)ਨਵਜੰਮੇ ਬੱਚਿਆਂ ਦੀ ਮੌਤ ਦਰ ਅਤੇ ਰੋਗ ਦਰ ਨੂੰ ਘਟਾਉਣ ਲਈ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਨਵਜੰਮੇ ਬੱਚਿਆਂ ਲਈ ਮੁੱਢਲੀ ਪੁਨਰ ਸੁਰਜੀਤੀ ਬਾਰੇ ਵਿਆਪਕ ਵਰਕਸ਼ਾਪ ਕਰਵਾਈ ਗਈ | ਡਿਲੀਵਰੀ ਰੂਮ 'ਚ ਨਵਜੰਮੇ ਬੱਚਿਆਂ ਦੀ ਤੁਰੰਤ ਦੇਖਭਾਲ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਦਿੱਤੀ ਗਈ | ਕਰਵਾਈ ਗਈ ਇਸ ਵਰਕਸ਼ਾਪ ਦੀ ਅਗਵਾਈ ਮਾਹਿਰ ਫੈਕਲਟੀ ਟੀਮ ਨੇ ਕੀਤੀ, ਜਿਸ 'ਚ ਡਾ. ਰਿਸ਼ੀ ਮਾਰਕੰਡਾ, ਡਾ. ਮੋਹਿਤ ਚੰਦਰ ਅਤੇ ਡਾ. ਅਨੀਤਾ ਕਟਾਰੀਆ ਸ਼ਾਮਲ ਸਨ | ਸਿਖਲਾਈ 'ਚ ਬਾਲ ਰੋਗ, ਗਾਇਨੀਕੋਲੋਜੀ ਅਤੇ ਪ੍ਰਸੂਤੀ ਤੇ ਐਨਸਥੀਸੀਆ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਹੱਥੀਂ ਸਿਖਲਾਈ ਅਤੇ ਸਫ਼ਲ ਮੁਲਾਂਕਣ ਪੂਰਾ ਹੋਣ 'ਤੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਡਾ. ਨਮਿਤਾ ਘਈ ਵਲੋਂ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ | ਡਾ. ਘਈ ਨੇ ਇਨ੍ਹਾਂ ਜੀਵਨ ਬਚਾਉਣ ਵਾਲੇ ਹੁਨਰਾਂ ਨੂੰ ਸਿੱਖਣ ਪ੍ਰਤੀ ਰੈਜ਼ੀਡੈਂਟ ਡਾਕਟਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਇਸ ਸਿਖਲਾਈ ਦਾ ਖੇਤਰ 'ਚ ਨਵਜੰਮੇ ਬੱਚਿਆਂ ਦੇ ਸਿਹਤ ਨਤੀਜਿਆਂ 'ਤੇ ਸਿੱਧਾ ਪ੍ਰਭਾਵ ਪਵੇਗਾ | ਇਹ ਸਮਾਗਮ ਸੀਨੀਅਰ ਬਾਲ ਰੋਗ ਮਾਹਿਰਾਂ, ਡਾ. ਸੁਰਿੰਦਰ ਨੰਗਲ ਅਤੇ ਡਾ. ਮੁਨੀਸ਼ ਸਾਗਰ ਦੀ ਮੌਜੂਦਗੀ 'ਚ ਕਰਵਾਇਆ ਗਿਆ | ਉਨ੍ਹਾਂ ਦੀ ਮੌਜੂਦਗੀ ਨੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ 'ਚ ਨਿਰੰਤਰ ਹੁਨਰ ਵਿਕਾਸ ਅਤੇ ਸਹਿਯੋਗੀ ਦੇਖਭਾਲ ਦੀ ਮਹੱਤਤਾ ਨੂੰ ਦਰਸਾਇਆ |