ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ)-ਕਨਾਟ ਸਰਕਟ ਗਰਾਊਾਡ ਵਿਖੇ ਇਕ ਘਰ 'ਚ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ | ਇਸ ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ | ਅਵਤਾਰ ਸਿੰਘ ਸੈਂਹਬੀ ਪੁੱਤਰ ਹਰੀ ਸਿੰਘ ਸੈਂਹਬੀ ਨੇ ਜਾਣਕਾਰੀ ਦਿੱਤੀ ਕਿ ਗੁਆਂਢ 'ਚ ਹੀ ਰਹਿੰਦਾ ਉਸ ਦੇ ਤਾਏ ਦਾ ਲੜਕਾ ਕਰੀਬ ਇਕ ਮਹਿਨਾ ਪਹਿਲਾਂ ਆਪਣੇ ਪਰਿਵਾਰ ਨਾਲ ਵਿਦੇਸ਼ ਗਿਆ, ਜੋ ਜਾਂਦੇ ਸਮੇਂ ਕਾਰ ਨੂੰ ਘਰ ਦੇ ਵਿਹੜੇ 'ਚ ਖੜ੍ਹੀ ਕਰ ਗਿਆ ਸੀ | ਅੱਜ ਸਵੇਰੇ ਕਰੀਬ 5 ਵਜੇ ਉਸ ਨੂੰ ਗੁਆਂਢੀ ਨੇ ਫੋਨ ਕੀਤਾ ਕਿ ਘਰ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ | ਜਦੋਂ ਉਨ੍ਹਾਂ ਛੱਤ 'ਤੋਂ ਦੇਖਿਆ, ਤਾਂ ਵਿਹੜੇ 'ਚ ਖੜ੍ਹੀ ਕਾਰ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆਈ ਹੋਈ ਸੀ | ਅਵਤਾਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਤੁਰੰਤ ਫਾਇਰ ਬਿ੍ਗੇਡ ਨੂੰ ਘਟਨਾ ਸੰਬੰਧੀ ਸੂਚਿਤ ਕੀਤਾ ਗਿਆ | ਉਸ ਨੇ ਦੱਸਿਆ ਕਿ ਹਾਦਸੇ ਵਾਲੀ ਕਾਰ ਤੋਂ ਕੁਝ ਹੀ ਦੂਰੀ 'ਤੇ ਉਸ ਦੇ ਭੂਆ ਦੇ ਲੜਕੇ ਦੀ ਕਾਰ ਵੀ ਖੜ੍ਹੀ ਸੀ | ਇਸ ਤੋਂ ਪਹਿਲਾਂ ਕਿ ਭੜਕੀ ਹੋਈ ਅੱਗ ਆਪਣੀ ਲਪੇਟ 'ਚ ਉਸ ਕਾਰ ਅਤੇ ਘਰ ਦੇ ਹੋਰ ਸਾਮਾਨ ਨੂੰ ਲੈਂਦੀ, ਮੌਕੇ 'ਤੇ ਆਈ ਫਾਇਰ ਬਿ੍ਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ |