ਜਲੰਧਰ, 4 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਧੋਖੇ ਨਾਲ ਸਰੀਰਕ ਸੰਬੰਧ ਬਣਾਉਣ ਅਤੇ ਵਿਆਹ ਵਾਲੇ ਦਿਨ ਮੰਗਾਂ ਪੂਰੀਆਂ ਨਾਲ ਹੋਣ 'ਤੇ ਬਾਰਾਤ ਲੈ ਕੇ ਨਾ ਪਹੁੰਚਣ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਲੜਕੇ ਮਨਪ੍ਰੀਤ ਦੇ ਮਾਤਾ-ਪਿਤਾ ਰਾਜ ਪਤਨੀ ਸਰਵਨ ਤੇ ਸਰਵਨ ਪੁੱਤਰ ਅਮਰੂ ਵਾਸੀ ਚੱਕ ਕਲਾਂ, ਨਕੋਦਰ, ਭੈਣਾਂ ਰਜਨੀ ਉਰਫ਼ ਰੱਜੀ ਪਤਨੀ ਸੰਨ੍ਹੀ ਕੁਮਾਰ ਜੇਜੋਂ ਕਲਾਂ ਜਲੰਧਰ ਤੇ ਜਸਵਿੰਦਰ ਕੌਰ ਉਰਫ਼ ਕਿਰਨਾਂ ਪਤਨੀ ਸੁਰਿੰਦਰ ਪਾਲ ਵਾਸੀ ਪੰਡਵਾ ਪਰਵਾ, ਫਗਵਾੜਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਮਿਤੀ 30 ਅਕਤੂਬਰ 2023 ਨੂੰ ਥਾਣਾ 6 ਵਿਖੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦਾ ਰਿਸ਼ਤਾ ਮਨਪ੍ਰੀਤ ਨਾਲ ਤੈਅ ਹੋਇਆ ਸੀ ਤੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਲੜਕਾ ਉਨ੍ਹਾਂ ਦੇ ਘਰ ਵੀ ਆਇਆ ਜਦੋਂ ਉਨ੍ਹਾਂ ਘਰ ਕੋਈ ਨਹੀਂ ਸੀ ਤੇ ਲੜਕੇ ਨੇ ਉਸ ਨੂੰ ਝਾਂਸੇ 'ਚ ਲੈ ਕੇ ਉਸ ਨਾਲ ਸਰੀਰਕ ਸੰਬੰਧ (ਜਬਰ ਜਨਾਹ) ਬਣਾਏ | ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਵਾਲੇ ਕਦੇ ਸੱਤ ਸੀਟਰ ਗੱਡੀ ਅਤੇ ਕਦੇ ਘਰ ਬਣਵਾ ਕੇ ਦੇਣ ਦੀਆਂ ਮੰਗਾਂ ਰੱਖਣ ਲੱਗ ਪਏ ਤੇ ਕਹਿਣ ਲੱਗੇ ਕਿ ਲੜਕੇ ਕੋਲ ਕੰਮ ਕੋਈ ਨਹੀਂ ਹੈ ਤੇ ਗੱਡੀ ਉਹ ਟੈਕਸੀ ਦੇ ਤੌਰ 'ਤੇ ਚਲਾਏਗਾ, ਪਰ ਜਦੋਂ ਪੀੜਤਾ ਦੇ ਪਰਿਵਾਰ ਨੇ ਕਿਹਾ ਕਿ ਉਹ ਗੱਡੀ ਨਹੀਂ ਲੈ ਕੇ ਦੇ ਸਕਦੇ ਤਾਂ ਲੜਕੇ ਸਮੇਤ ਪਰਿਵਾਰ ਵਾਲੇ ਵਿਆਹ ਵਾਲੇ ਦਿਨ ਬਾਰਾਤ ਲੈ ਕੇ ਨਹੀਂ ਪਹੁੰਚੇ, ਜਿਸ ਤੋਂ ਬਾਅਦ ਪੀੜਤਾ ਨੇ ਇਨ੍ਹਾਂ ਖ਼ਿਲਾਫ਼ ਜਬਰ ਜਨਾਹ ਤੇ ਧੋਖਾਧੜੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਵਾਇਆ ਪਰ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਦੋਸ਼ ਸਾਬਤ ਨਾ ਹੋਣ 'ਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਕੇਸ 'ਚ ਲੜਕਾ ਅਜੇ ਵੀ ਫ਼ਰਾਰ ਹੈ |