28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

-ਮਾਮਲਾ ਭਾਰਗੋ ਕੈਂਪ 'ਚ ਸੁਨਿਆਰੇ ਦੀ ਦੁਕਾਨ ਤੋਂ ਹੋਈ ਲੁੱਟ ਦਾ- ਲੁੱਟ ਦੇ ਸੋਨੇ ਦਾ ਪੁਸ਼ਕਰ ਦੇ ਸੁਨਿਆਰੇ ਨਾਲ ਹੋਇਆ ਸੀ ਸੌਦਾ

ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਐੱਮ. ਐੱਸ. ਲੋਹੀਆ)-ਭਾਰਗੋ ਕੈਂਪ ਦੇ 'ਵਿਜੇ ਜਿਊਲਰ' ਦੁਕਾਨ 'ਤੇ ਹੋਈ ਲੁੱਟ ਦਾ ਮਾਮਲਾ ਪੁਲਿਸ ਵਲੋਂ ਸੁਲਝਾਏ ਜਾਣ ਦੇ ਦਾਅਵੇ ਦੇ ਬਾਵਜੂਦ ਉਲਝਦਾ ਜਾਪਦਾ ਹੈ | ਇਸ ਦਾ ਵੱਡਾ ਕਾਰਨ ਹੈ ਕਿ ਇਸ ਮਾਮਲੇ ਦੀ ਤਹਿਤ ਤੱਕ ਪਹੁੰਚਣ ਵਾਲੇ ਵੱਖ-ਵੱਖ ਪੱਤਰਕਾਰਾਂ ਨੂੰ ਆਪਣੇ ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮੀਡੀਆ 'ਚ ਖ਼ਬਰ ਚੱਲ ਰਹੀਆਂ ਹਨ, ਜਦ ਕਿ ਕਮਿਸ਼ਨਰੇਟ ਪੁਲਿਸ ਵਲੋਂ ਇਕ ਵਾਰ ਹੀ ਅਧਿਕਾਰਿਤ ਤੌਰ 'ਤੇ ਲੁਟੇਰੇ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਦੀ ਗਿ੍ਫ਼ਤਾਰ ਸੰਬੰਧੀ ਪੱਤਰਕਾਰ ਸੰਮੇਲਨ ਕਰਨ ਤੋਂ ਬਾਅਦ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ | ਇਸ ਲਈ ਆਮ ਜਨਤਾ ਤੱਕ ਪਹੁੰਚ ਰਹੀਆਂ ਵੱਖ-ਵੱਖ ਜਾਣਕਾਰੀਆਂ ਜਿਥੇ ਮਾਮਲੇ ਨੂੰ ਸਨਸਨੀਖ਼ੇਜ਼ ਬਣਾ ਰਹੀਆਂ ਹਨ, ਉਥੇ ਇਸ ਨਾਲ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਹੁਣ ਤੱਕ ਅਧਿਕਾਰਿਤ ਤੌਰ 'ਤੇ ਜਾਣਕਾਰੀ ਮਿਲੀ ਸੀ ਕਿ ਕੁਸ਼ਲ ਉਰਫ਼ ਰਿੰਕੂ, ਕਰਨ ਉਰਫ਼ ਕਰਨ ਬੱਚਾ ਤੇ ਗਗਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰਾ ਦਿਨ ਜਲੰਧਰ 'ਚ ਹੀ ਘੁੰਮਦੇ ਰਹੇ, ਜੋ ਅਗਲੇ ਦਿਨ ਅਜਮੇਰ ਪਹੁੰਚ ਗਏ, ਜਿਨ੍ਹਾਂ ਦਾ ਪਿੱਛਾ ਕਰਦੀ ਹੋਈ ਕਮਿਸ਼ਨਰੇਟ ਪੁਲਿਸ ਦੀ ਟੀਮ ਨੇ ਮੁਲਜ਼ਮਾਂ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਗੌਰਵ ਨੂੰ ਅਜਮੇਰ ਤੋਂ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਟਰਾਂਸਿਟ ਰਿਮਾਂਡ 'ਤੇ ਜਲੰਧਰ ਲਿਆਉਣ ਤੋਂ ਬਾਅਦ ਮੁਲਜ਼ਮਾਂ ਕੋਲੋਂ ਲੁੱਟ ਦਾ ਸਾਮਾਨ ਤੇ ਹਥਿਆਰ ਬਰਾਮਦ ਕਰਨ ਲਈ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ | ਇਸ ਤੋਂ ਬਾਅਦ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਾ ਮਿਲਣ ਕਰਕੇ ਚਰਚਾ ਹੋਣ ਲੱਗੀ ਕਿ ਲੁੱਟ ਕੇਵਲ 200 ਗ੍ਰਾਮ ਸੋਨੇ ਦੀ ਹੀ ਹੋਈ ਸੀ, ਜਿਸ ਨੂੰ ਲੁਟੇਰੇ ਫ਼ਰਾਰ ਹੋਣ ਤੋਂ ਪਹਿਲਾਂ ਰਾਮਾ ਮੰਡੀ ਵਿਖੇ ਟਿਕਾਨੇ ਲਗਾ ਕੇ ਗਏ ਸਨ, ਇਸ ਤੋਂ ਇਲਾਵਾ ਕੇਵਲ 23 ਹਜ਼ਾਰ ਰੁਪਏ ਦੀ ਹੀ ਲੁੱਟ ਹੋਈ ਸੀ, ਜਿਸ ਨੂੰ ਲੈ ਕੇ ਲੁਟੇਰੇ ਅਜਮੇਰ ਪਹੁੰਚੇ ਸਨ | ਵਾਰਦਾਤ ਮੌਕੇ ਵਿਜੇ ਜਿਊਲਰਜ਼ ਦੇ ਮਾਲਕ ਅਜੇ ਕੁਮਾਰ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਲੁਟੇਰੇ ਕਰੀਬ ਇਕ ਕਰੋੜ ਦੀ ਕੀਮਤ ਦੇ ਲਗਪਗ 800 ਗ੍ਰਾਮ ਸੋਨੇ ਦੇ ਗਹਿਣੇ ਅਤੇ 2 ਲੱਖ 25 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ ਸਨ ਪਰ ਸੂਤਰ ਦੱਸਦੇ ਹਨ ਕਿ ਲੁੱਟਸ਼ੁਦਾ ਸਾਰਾ ਸੋਨਾ ਕੇਵਲ 200 ਗ੍ਰਾਮ ਹੀ ਸੀ ਤੇ ਨਕਦੀ ਵੀ ਕੇਵਲ 23 ਹਜ਼ਾਰ ਰੁਪਏ ਦੀ ਹੀ ਸੀ, ਜੋ ਪੁਲਿਸ ਨੇ ਬਰਾਮਦ ਕਰ ਲਈ ਹੈ | ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲੁਟੇਰੇ ਪਹਿਲਾਂ ਪੁਲਿਸ ਨੂੰ ਭਰਮਾਉਣ ਲਈ ਸ਼ਹਿਰ ਦਾ ਚੱਕਰ ਲਗਾਉਂਦੇ ਰਹੇ, ਫਿਰ ਉਹ ਫਗਵਾੜੇ ਪੁਹੰਚੇ, ਜਿਥੋਂ ਉਹ ਬੱਸ ਜ਼ਰੀਏ ਲੁਧਿਆਣੇ ਪਹੁੰਚੇ, ਜਿਥੇ ਉਨ੍ਹਾਂ ਇਕ ਆਟੋ ਲਿਆ, ਜਿਸ 'ਚ ਉਹ ਸਾਰਾ ਦਿਨ ਘੁੰਮਦੇ ਰਹੇ ਅਤੇ ਆਖਿਰ ਰਾਤ ਸਮੇਂ ਰੇਲਵੇ ਸਟੇਸ਼ਨ 'ਤੋਂ ਟਰੇਨ ਲੈ ਕੇ ਅਜਮੇਰ ਪਹੁੰਚ ਗਏ | ਉਹ ਅਜਮੇਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਗੌਰਵ ਦੇ ਘਰ ਪਹੁੰਚ ਗਏ | ਗੌਰਵ ਨੇ ਉਨ੍ਹਾਂ ਦੇ ਲੁੱਟ ਦੇ ਸੋਨੇ ਦਾ ਸੌਦਾ ਪੁਸ਼ਕਰ ਦੇ ਇਕ ਸੁਨਿਆਰੇ ਨਾਲ ਕਰਵਾ ਦਿੱਤਾ ਸੀ, ਇਸ ਤੋਂ ਪਹਿਲਾਂ ਕਿ ਸੁਨਿਆਰਾ ਪੈਸਿਆਂ ਦਾ ਇੰਤਜ਼ਾਮ ਕਰਦਾ, ਪੁਲਿਸ ਨੇ ਤਿੰਨੋ ਮੁਲਜ਼ਮਾਂ ਤੇ ਪਨਾਹ ਦੇਣ ਵਾਲੇ ਨੂੰ ਵੀ ਕਾਬੂ ਕਰ ਲਿਆ | ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਹਾਲੇ ਵੀ ਮਾਮਲੇ ਸੰਬੰਧੀ ਚੱਲ ਰਹੀ ਕਾਰਵਾਈ ਬਾਰੇ ਕੁਝ ਸਪੱਸ਼ਟ ਨਹੀਂ ਕਰਦੀ, ਤਾਂ ਇਸ ਨਾਲ ਆਮ ਜਨਤਾ ਤੱਕ ਗ਼ਲਤ ਜਾਣਕਾਰੀ ਪਹੁੰਚਦੀ ਰਹੇਗੀ, ਜੋ ਪ੍ਰਸ਼ਾਸਨ ਪ੍ਰਤੀ ਲੋਕਾਂ 'ਚ ਅਵਿਸ਼ਵਾਸ਼ ਦੀ ਭਾਵਨਾ ਪੈਦਾ ਕਰ ਸਕਦੀ ਹੈ |
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਸਾਈਬਰ ਸੁਰੱਖਿਆ ਸੈਸ਼ਨ ਕਰਵਾਇਆ ਅਗਲੀ ਖ਼ਬਰ ਪਹਿਲਾਂ ਝਾਂਸੇ ਨਾਲ ਸਰੀਰਕ ਸੰਬੰਧ ਬਣਾਏ ਫਿਰ ਬਾਰਾਤ ਲੈ ਕੇ ਨਹੀਂ ਪਹੰੁਚਿਆ ਲੜਕਾ, 4 ਪਰਿਵਾਰਕ ਮੈਂਬਰ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।