19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਦੁਕਾਨਦਾਰ ਦੀ ਦਲੇਰੀ ਨੇ ਨਾਕਾਮ ਕੀਤੀ ਪਿਸਤੌਲਾਂ ਨਾਲ ਲੈਸ 2 ਲੁਟੇਰਿਆਂ ਵਲੋਂ ਕੀਤੀ ਲੁੱਟ ਦੀ ਕੋਸ਼ਿਸ਼

ਅਜੀਤ ਡੈਸਕ 28-12-2025

ਜਲੰਧਰ, 27 ਦਸੰਬਰ (ਐੱਮ. ਐੱਸ. ਲੋਹੀਆ)-ਸਥਾਨਕ ਸ਼ਾਸਤਰੀ ਨਗਰ, ਜੇ.ਪੀ. ਨਗਰ ਰੋਡ 'ਤੇ ਸਥਿਤ ਵਿਪਨ ਜਿਊਲਰਜ਼ 'ਤੇ ਸ਼ਾਮ ਕਰੀਬ 5.45 ਵਜੇ ਪਿਸਤੌਲਾਂ ਨਾਲ ਲੈਸ 2 ਨਕਾਬਪੋਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ ਦੁਕਾਨਦਾਰ ਨੇ ਦਲੇਰੀ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਮੌਕੇ ਤੋਂ ਭਜਾ ਦਿੱਤਾ। ਪੀੜਤ ਦੁਕਾਨਦਾਰ ਵਿਪਨ ਵਰਮਾ ਨੇ ਜਾਣਕਾਰੀ ਦਿੱਤੀ ਕਿ ਉਹ ਅਤੇ ਉਸ ਦੀ ਪਤਨੀ ਦੁਕਾਨ 'ਤੇ ਬੈਠੇ ਹੋਏ ਸਨ। ਇਸ ਦੌਰਾਨ ਹੁੱਡੀਆਂ ਪਾਈ 2 ਨੌਜਵਾਨ ਜਿਨ੍ਹਾਂ ਨੇ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ ਅਤੇ ਡਾਕਟਰੀ ਮਾਸਕ ਲਗਾ ਕੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਦੁਕਾਨ ਅੰਦਰ ਦਾਖ਼ਲ ਹੋਏ। ਉਨ੍ਹਾਂ ਚਾਂਦੀ ਦੇ ਬ੍ਰੈਸਲੈੱਟ ਦੀ ਮੰਗ ਕੀਤੀ, ਉਨ੍ਹਾਂ ਗਾਹਕ ਸਮਝ ਕੇ ਨੌਜਵਾਨਾਂ ਨੂੰ ਬ੍ਰੈਸਲੈੱਟ ਦਿਖਾਇਆ, ਤਾਂ ਇਸ ਦੌਰਾਨ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ। ਵੀਪਨ ਵਰਮਾ ਨੇ ਦੱਸਿਆ ਕਿ ਉਸ ਨੇ ਨੌਜਵਾਨਾਂ ਨੂੰ ਬ੍ਰੈਸਲੈੱਟ ਖਰੀਦਣ ਲਈ ਕਿਸੇ ਹੋਰ ਦਿਨ ਆਉਣ ਲਈ ਕਿਹਾ, ਤਾਂ ਉਨ੍ਹਾਂ ਦੋਵਾਂ ਨੇ ਪਿਸਤੌਲਾਂ ਕੱਢ ਲਈਆਂ, ਜੋ ਦੇਸੀ ਕੱਟੇ ਜਾਪ ਰਹੇ ਸਨ। ਇਕ ਨੌਜਵਾਨ ਨੇ ਪਿਸਤੌਲ ਉਸ ਦੀ ਪਤਨੀ 'ਤੇ ਅਤੇ ਦੂਸਰੇ ਨੇ ਉਸ 'ਤੇ ਤਾਣ ਕੇ ਪੈਸਿਆਂ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਉਹ ਕਾਊਂਟਰ ਟੱਪ ਕੇ ਲੁਟੇਰਿਆਂ ਨਾਲ ਉਲਝ ਪਿਆ, ਤਾਂ ਦੋਵੇਂ ਮੌਕੇ 'ਤੋਂ ਫ਼ਰਾਰ ਹੋ ਗਏ। ਬਸਤੀਆਂ ਦੇ ਖੇਤਰ 'ਚ ਹੋਈ ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਨਾਲ ਗੱਲ ਕੀਤੀ। ਉਨ੍ਹਾਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਸਰਕਾਰ ਦੀ ਨਾਕਾਮੀ ਦੱਸਿਆ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੀ ਚਿੰਤਾ ਪ੍ਰਗਟ ਕੀਤੀ। ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈਇੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਵਲੋਂ ਪੀੜਤਾਂ ਦੇ ਬਿਆਨਾਂ ਅਤੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਵਾਰਡ ਨੰਬਰ 60 'ਚ ਪਲਾਸਟਿਕ ਸਾੜਨ ਵਾਲਿਆਂ ਨੂੰ ਨਿਗਮ ਵਲੋਂ ਨੋਟਿਸ ਜਾਰੀ ਅਗਲੀ ਖ਼ਬਰ ਜਮਸ਼ੇਰ 'ਚ ਬਾਇਓ ਸੀ.ਐਨ.ਜੀ. ਗੈਸ ਪਲਾਂਟ ਖ਼ਿਲਾਫ਼ ਇਲਾਕਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।