ਮਲੋਟ, 17 ਜੂਨ (ਪਾਟਿਲ)-ਅੱਜ ਕਚਹਿਰੀ ਕੰਪਲੈਕਸ ਮਲੋਟ ਵਿਖੇ ਮਹਿੰਦਰਪ੍ਰਤਾਪ ਸਿੰਘ ਲਿਬੜਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਲੋਟ ਵਲੋਂ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਬੂਟੇ ਲਗਾਏ ਗਏ | ਇਸ ਮੌਕੇ ਉਨ੍ਹਾਂ ਦੱਸਿਆ ਕਿ ਚੰਗੇ ਤੇ ਸ਼ਾਂਤ ਵਾਤਾਵਰਨ ਵਿਚ ਚੰਗੀ ਸ਼ਖ਼ਸੀਅਤ ਦਾ ਵਿਕਾਸ ਪੈਦਾ ਹੁੰਦਾ ਹੈ | ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ 1952 ਵਿਚ ਸੰਯੁਕਤ ਰਾਸ਼ਟਰ ਸੰਘ ਨੇ ਸਟਾਕਹੋਮ (ਸਵੀਡਨ) ਵਿਚ ਦੁਨੀਆ ਦਾ ਪਹਿਲਾ ਵਾਤਾਵਰਨ ਸੰਮੇਲਨ ਹੋਇਆ ਸੀ | ਉਨ੍ਹਾਂ ਦੱਸਿਆ ਕਿ ਦਰੱਖ਼ਤਾਂ ਦੀ ਕਟਾਈ ਕਾਰਨ ਸਾਨੂੰ ਮੀਂਹ ਦੀ ਘਾਟ ਤੇ ਤਾਪਮਾਨ ਵਿਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਫ਼ਰਜ਼ ਬਣਦਾ ਹੈ | ਇਸ ਮੌਕੇ ਉਨ੍ਹਾਂ ਕਚਹਿਰੀ ਕੰਪਲੈਕਸ ਮਲੋਟ ਵਿਖੇ ਬੂਟੇ ਲਗਾ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਲੀਗਲ ਸਰਵਿਸ ਅਥਾਰਟੀ ਮਲੋਟ ਦੇ ਵਕੀਲ ਸੁਖਦੀਪ ਕੌਰ ਸੰਧੂ, ਅਰਸ਼ਦੀਪ ਕੌਰ, ਪੀ.ਐੱਲ.ਵੀ. ਪਰਮਪਾਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ |