ਗਿੱਦੜਬਾਹਾ, 21 ਜੂਨ (ਪਰਮਜੀਤ ਸਿੰਘ ਥੇੜ੍ਹੀ)-ਇਕ-ਦੋ ਦਿਨਾਂ ਵਿਚ ਮਾਨਸੂਨ ਦਸਤਕ ਦੇਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਇਸ ਇਲਾਕੇ ਵਿਚੋਂ ਲੰਘਦੀ ਮੁੱਖ ਮਲੋਟ ਡਰੇਨ ਦੀ ਸਫ਼ਾਈ ਨਹੀਂ ਹੋ ਸਕੀ, ਜਿਸ ਕਰਕੇ ਬਹੁਤ ਸਾਰੇ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ | ਇਸ ਇਲਾਕੇ ਵਿਚ ਪਿਛਲੇ ਸਮੇਂ 'ਚ ਸੇਮ ਦੀ ਸਮੱਸਿਆ ਨੇ ਕਿਸਾਨੀ ਆਰਥਿਕਤਾ 'ਤੇ ਬਹੁਤ ਹੀ ਬੁਰਾ ਅਸਰ ਪਾਇਆ ਸੀ, ਕਿਉਂਕਿ ਇਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਨੂੰ ਸੇਮ ਨੇ ਆਪਣੀ ਜਕੜ ਵਿਚ ਐਨੀ ਬੁਰੀ ਤਰ੍ਹਾਂ ਲੈ ਰੱਖਿਆ ਸੀ ਕਿ ਇਲਾਕੇ ਦੀਆਂ ਹਾੜ੍ਹੀ, ਸਾਉਣੀ ਦੀਆਂ ਫ਼ਸਲਾਂ ਦੀ ਬਰਬਾਦੀ ਦੇ ਨਾਲ-ਨਾਲ ਵੱਡੇ-ਛੋਟੇ ਦਰੱਖ਼ਤ ਤੇ ਬਨਸਪਤੀ ਨੂੰ ਵੀ ਸੁਕਾ ਕੇ ਇਲਾਕੇ ਨੂੰ ਉਜਾੜ ਤੇ ਬੰਜਰ ਬਣਾ ਦਿੱਤਾ ਸੀ | ਭਾਵੇਂ ਸੇਮ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੇ ਯਤਨ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵਲੋਂ 1995 ਤੋਂ ਸ਼ੁਰੂ ਹੋ ਚੁੱਕੇ ਸਨ, ਪਰ ਅਸਲ ਵਿਚ ਇਸ ਇਲਾਕੇ ਨੂੰ ਸੇਮ ਤੋਂ ਮੁਕੰਮਲ ਨਿਜ਼ਾਤ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿਚ ਸਰਕਾਰ ਦੁਆਰਾ 300 ਕਰੋੜ ਰੁਪਏ ਦੀ ਕਾਰਜ ਯੋਜਨਾ ਨਾਲ ਸਾਰੇ ਇਲਾਕੇ ਵਿਚ ਵੱਡੇ-ਛੋਟੇ ਸੇਮਨਾਲੇ ਤੇ ਸੇਮ ਨਾਲੀਆਂ ਬਣਾ ਕੇ ਦਵਾਈ | ਇਨ੍ਹਾਂ ਸੇਮਨਾਲਿਆਂ ਅਤੇ ਸੇਮ ਨਾਲੀਆਂ, ਲਿੰਕ ਡਰੇਨਾਂ ਦੀ ਆਏ ਸਾਲ ਸਫ਼ਾਈ ਦੀ ਬਹੁਤ ਸਖ਼ਤ ਜ਼ਰੂਰਤ ਹੁੰਦੀ ਸੀ, ਜਿਨਾਂ ਨੂੰ ਸਮੇਂ-ਸਮੇਂ 'ਤੇ ਮਾਨਸੂਨ ਆਉਣ ਤੋਂ ਪਹਿਲਾਂ ਸਾਫ਼ ਕਰ ਦਿੱਤਾ ਜਾਂਦਾ ਸੀ | ਇਲਾਕੇ ਵਿਚਲੀਆਂ ਸਾਰੀਆਂ ਹੀ ਮੁੱਖ ਡਰੇਨਾਂ ਤੇ ਲਿੰਕ ਡਰੇਨਾਂ ਦੀ ਸਫ਼ਾਈ ਹੋ ਜਾਂਦੀ ਸੀ, ਕਿਉਂਕਿ ਉਸ ਵਕਤ ਸੇਮ ਵਿਭਾਗ ਦਾ ਮੁੱਖ ਸਰਕਲ ਦਫ਼ਤਰ ਗਿੜਬਾਹਾ ਵਿਖੇ ਹੁੰਦਾ ਸੀ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਦਫ਼ਤਰ ਦੇ ਗਿੱਦੜਬਾਹਾ ਤੋਂ ਬਦਲ ਜਾਣ ਮਗਰੋਂ ਸੇਮ ਨਾਲਿਆਂ ਦੀ ਸਫ਼ਾਈ ਸਮੇਂ ਸਿਰ ਨਹੀਂ ਹੁੰਦੀ | ਇਸ ਇਲਾਕੇ ਵਿਚੋਂ ਲੰਘਦੀ ਮੁੱਖ ਮਲੋਟ ਡਰੇਨ ਜੋ ਕਿ ਨਹਿਰ ਸਰਹੰਦ ਫ਼ੀਡਰ ਕੋਲੋਂ ਸ਼ੁਰੂ ਹੁੰਦੀ ਹੈ, ਵਿਚ ਮਗਰੋਂ ਆ ਰਹੀ ਸੁਰਗਾਪੁਰੀ, ਮਨੀਆਂਵਾਲਾ, ਸਮਾਘ ਬਬਾਣੀਆਂ ਲਿੰਕ ਡਰੇਨ ਬਬਾਣੀਆਂ ਕੋਲ ਪੈ ਜਾਂਦੀ ਹੈ ਅਤੇ ਉਸ ਤੋਂ ਅੱਗੇ ਗੁਰੂਸਰ ਘੱਗਾ ਲਿੰਕ ਡਰੇਨ ਵੀ ਪਿੰਡ ਥੇੜ੍ਹੀ ਦੇ ਰਕਬੇ ਵਿਚ ਆ ਕੇ ਇਸ ਮੁੱਖ ਮਲੋਟ ਡਰੇਨ ਵਿਚ ਪੈਂਦੀ ਹੈ | ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸਿਰਫ਼ ਗੁਰੂਸਰ ਘੱਗਾ ਲਿੰਕ ਡਰੇਨ ਦੀ ਹੀ ਸਫ਼ਾਈ ਕੀਤੀ ਗਈ ਹੈ, ਜਦੋਂ ਕਿ ਮੁੱਖ ਮਲੋਟ ਡਰੇਨ ਦੀ ਅਜੇ ਤੱਕ ਸਫ਼ਾਈ ਨਹੀਂ ਹੋ ਸਕੀ | ਪਿਛਲੇ ਸਾਲਾਂ ਦੌਰਾਨ ਵੀ ਜਦੋਂ-ਜਦੋਂ ਵੀ ਇਸ ਮੁੱਖ ਮਲੋਟ ਡਰੇਨ ਦੀ ਮਾਨਸੂਨ ਤੋਂ ਪਹਿਲਾਂ ਸਫ਼ਾਈ ਨਹੀਂ ਸੀ ਹੋਈ, ਤਾਂ ਪਿੰਡ ਥੇੜ੍ਹੀ ਦੇ ਰਕਬੇ ਤੇ ਇਸ ਦੇ ਨਜ਼ਦੀਕ ਪੈਂਦੀ ਵੱਸੋਂ ਨੂੰ ਇਸ ਡਰੇਨ ਦੇ ਓਵਰਫ਼ਲੋ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ | ਇਹ ਮੁੱਖ ਮਲੋਟ ਡਰੇਨ ਬਹੁਤ ਵਾਰ ਓਵਰਫ਼ਲੋ ਹੋ ਕੇ ਟੁੱਟਦੀ ਰਹੀ ਹੈ | ਇਸ ਮੁੱਖ ਮਲੋਟ ਡਰੇਨ ਦੀ ਮੌਜੂਦਾ ਹਾਲਤ ਇਹ ਹੈ ਕਿ ਸਾਰੀ ਡਰੇਨ ਵਿਚ ਬਹੁਤ ਵੱਡੀ-ਵੱਡੀ ਕਾਈ ਉਗੀ ਖੜ੍ਹੀ ਹੈ ਅਤੇ ਪਾਣੀ ਵਿਚ ਪੈਦਾ ਹੋਣ ਵਾਲੀ ਬੂਟੀ ਨੇ ਇਸ ਵਿਚ ਵਗਦੇ ਪਾਣੀ ਨੂੰ ਰੋਕ ਰੱਖਿਆ ਹੈ | ਭਾਵੇਂ ਚਾਰ ਸਾਲ ਪਹਿਲਾਂ ਮਹਿਕਮੇ ਵਲੋਂ ਇਸ ਮੁੱਖ ਮਲੋਟ ਡਰੇਨ ਦੇ ਕਿਨਾਰਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ਵੀ ਕੀਤਾ ਗਿਆ ਸੀ, ਪਰ ਮੌਜੂਦਾ ਸਮੇਂ ਇਸ ਮੁੱਖ ਮਲੋਟ ਡਰੇਨ ਵਿਚੋਂ ਬਾਰਿਸ਼ਾਂ ਦੇ ਪਾਣੀ ਦੀ ਮੁਕੰਮਲ ਨਿਕਾਸੀ ਇਸ ਦੀ ਸਫ਼ਾਈ ਤੋਂ ਬਿਨਾਂ ਅਸੰਭਵ ਜਾਪਦੀ ਹੈ | ਇਸ ਇਲਾਕੇ ਦੇ ਲੋਕਾਂ ਖ਼ਾਸ ਕਰਕੇ ਕਿਸਾਨਾਂ ਦੀ ਮੰਗ ਤੇ ਡਰਨੇਜ਼ ਵਿਭਾਗ ਨੂੰ ਅਪੀਲ ਹੈ ਕਿ ਛੇਤੀ ਤੋਂ ਛੇਤੀ ਇਸ ਮੁੱਖ ਮਲੋਟ ਡਰੇਨ ਦੀ ਮੁਕੰਮਲ ਤੇ ਚੰਗੀ ਤਰ੍ਹਾਂ ਪੂਰੀ ਸਫ਼ਾਈ ਕਰਵਾਈ ਜਾਵੇ |