ਸ੍ਰੀ ਮੁਕਤਸਰ ਸਾਹਿਬ, 21 ਜੂਨ (ਹਰਮਹਿੰਦਰ ਪਾਲ)-ਇੰਸਪੈਕਟਰ ਜਸਕਰਨ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵਲੋਂ ਪਿਛਲੇ ਦਿਨਾਂ ਵਿਚ ਅਲੱਗ-ਅਲੱਗ ਦੁਕਾਨਾਂ ਵਿਚੋਂ ਤਾਲੇ ਤੋੜ ਕੇ ਅਤੇ ਸ਼ਟਰ ਭੰਨ ਕੇ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁੱਦਈ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਥਾਂਦੇਵਾਲਾ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਪਾਈਪ-ਐਂਡ-ਸੋਲਰ ਸਿਸਟਮ ਨਾਂਅ ਦੀ ਦੁਕਾਨ ਮੋੜ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੈ | ਬੀਤੀ 18 ਜੂਨ ਨੂੰ ਸਵੇਰੇ ਉਸ ਨੇ ਦੁਕਾਨ ਨੂੰ ਵੇਖਿਆ ਤਾਂ ਉਸ ਦੇ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਭੰਨਿਆ ਹੋਇਆ ਸੀ, ਜਿਸ ਵਿਚੋਂ ਪਾਣੀ ਵਾਲੀਆਂ 6 ਮੋਟਰਾਂ ਮਾਰਕਾ ਕਲਸੀ, ਇਕ ਕੱਰ, ਪਿੱਤਲ ਦੇ ਗੇਟਵਾਲ, ਜਿਨ੍ਹਾਂ ਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਸਨ, ਜਿਸ ਦੇ ਬਿਆਨਾਂ 'ਤੇ ਪੁਲਿਸ ਵਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ | ਦੌਰਾਨੇ ਤਫ਼ਤੀਸ਼ ਪੁਲਿਸ ਵਲੋਂ ਦੋਸ਼ੀ ਰਾਜਨ ਪੁੱਤਰ ਕਾਲਾ ਰਾਮ, ਰਾਹੁਲ ਪੁੱਤਰ ਸ਼ਾਮ ਲਾਲ ਵਾਸੀਆਂ ਡਾਕਟਰ ਨਾਗਪਾਲ ਵਾਲੀ ਗਲੀ ਟਿੱਬੀ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਅਮਨਦੀਪ ਸਿੰਘ ਪੁੱਤਰ ਗੁਰਦਿਆਲ ਚੰਦ ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ, ਜਿਨ੍ਹਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ 'ਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |