ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਅੱਜ ਮਨਾਏ ਜਾਣਗੇ ਤਿੰਨ ਪਵਿੱਤਰ ਦਿਹਾੜੇ
ਅਜੀਤ ਡੈਸਕ
22-10-2025
ਡੱਬਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਇਥੇ ਜੀ. ਟੀ. ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਜੀ ਵਿਖੇ 22 ਅਕਤੂਬਰ ਨੂੰ ਬੰਦੀ ਛੋੜ ਦਿਵਸ, ਬਾਬਾ ਵਿਸ਼ਵਕਰਮਾ ਜੀ ਦਿਵਸ ਤੇ ਗੁਰੂ ਘਰ ਦਾ 51ਵਾਂ ਸਥਾਪਨਾ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਏ ਜਾਣਗੇ | ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਨਾਲ ਹੋਵੇਗੀ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਸੰਗਤਾਂ ਲਈ ਵਿਸ਼ਾਲ ਕੀਰਤਨ ਦਰਬਾਰ, ਕਥਾ ਦਰਬਾਰ ਤੇ ਢਾਡੀ ਦਰਬਾਰ ਸਜਾਏ ਜਾਣਗੇ | ਸਮੂਹ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਤੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਵਿਚ ਸ੍ਰੀ ਵਿਸ਼ਵਕਰਮਾ ਸੁਖਮਨੀ ਸੇਵਾ ਸੁਸਾਇਟੀ ਤੇ ਹਜ਼ੂਰੀ ਰਾਗੀ ਜਥਾ ਭਾਈ ਜਗਮੀਤ ਸਿੰਘ (ਸ੍ਰੀ ਮੁਕਤਸਰ ਸਾਹਿਬ), ਢਾਡੀ ਦਰਬਾਰ 'ਚ ਭਾਈ ਗੁਰਪ੍ਰੀਤ ਸਿੰਘ (ਸਭਰਾਵਾਂ ਵਾਲੇ) ਗੁਰਬਾਣੀ ਕੀਰਤਨ ਕਰਨਗੇ | ਜਦ ਕਿ ਕਥਾ ਦੀਵਾਨ ਵਿਚ ਭਾਈ ਸੁਖ਼ਨਿੰਦਰ ਸਿੰਘ ਆਰਫ਼ (ਸਭਰਾਵਾਂ ਵਾਲੇ) ਗੁਰਬਾਣੀ ਕਥਾ ਕਰਨਗੇ ਅਤੇ ਕਥਾ ਦੀਵਾਨ 'ਚ ਸਾਹਿਬ ਗਿਆਨੀ ਜਸਵੰਤ ਸਿੰਘ ਪਠਾਨਾ ਸੰਗਤਾਂ ਨੂੰ ਗੁਰਬਾਣੀ ਦੇ ਅੰਮਿ੍ਤ ਵਚਨਾਂ ਨਾਲ ਨਿਹਾਲ ਕਰਨਗੇ | ਇਸ ਦੇ ਇਲਾਵਾ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਹਵਨ ਯੱਗ ਵੀ ਕਰਵਾਇਆ ਜਾਵੇਗਾ |