ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੀ ਸੰਗਤ ਨੇ ਪਹੁੰਚ ਕੇ ਮੱਥਾ ਟੇਕਿਆ | ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਕੀਰਤਨ ਪ੍ਰਵਾਹ ਚੱਲਦਾ ਰਿਹਾ ਅਤੇ ਸੰਗਤ ਨੇ ਕੀਰਤਨ ਸਰਵਣ ਕੀਤਾ | ਇਸ ਤੋਂ ਇਲਾਵਾ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਤੇ ਮੋਮਬੱਤੀਆਂ ਤੇ ਦੀਵੇ ਜਗਾ ਕੇ ਇਸ ਤਿਉਹਾਰ ਤੇ ਆਲਾ-ਦੁਆਲਾ ਰੁਸ਼ਨਾਇਆ ਗਿਆ | ਇਸ ਸ਼ੁੱਭ ਦਿਹਾੜੇ 'ਤੇ ਲੋਕਾਂ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਧਾਰਮਿਕ ਅਸਥਾਨਾਂ 'ਤੇ ਮੱਥਾ ਟੇਕ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਸ਼ਹਿਰ ਵਿਚ ਸਜੀਆਂ ਦੁਕਾਨਾਂ ਤੋਂ ਲੋਕਾਂ ਨੇ ਮਠਿਆਈਆਂ, ਪਟਾਕੇ, ਸਜਾਵਟੀ ਲੜੀਆਂ, ਬਿਜਲਈ ਦੀਪਮਾਲਾ, ਮਿੱਟੀ ਦੇ ਦੀਵੇ, ਘਰੂੰਡੀਆਂ, ਫ਼ਲਾਂ ਤੇ ਸਬਜ਼ੀਆਂ ਸਮੇਤ ਹੋਰ ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਕੀਤੀ | ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਕੋਲਿਆਂਵਾਲੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਬਦ ਕੀਰਤਨ ਸਰਵਣ ਕੀਤਾ ਤੇ ਸ਼ਾਮ ਮੌਕੇ ਦੀਪਮਾਲਾ ਕੀਤੀ ਗਈ | ਵੱਡੀ ਗਿਣਤੀ ਵਿਚ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਮਾਤਾ ਭਾਗ ਕੌਰ ਵਿਖੇ ਮੱਥਾ ਟੇਕਿਆ | ਸ੍ਰੀ ਦਰਬਾਰ ਸਾਹਿਬ ਦੇ ਗੁੰਬਦਾਂ ਤੇ ਆਲੇ-ਦੁਆਲੇ ਨੂੰ ਰੰਗ ਬਿਰੰਗੀਆਂ ਬਿਜਲਈ ਲਾਈਟਾਂ ਨਾਲ ਸਜਾਇਆ | ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਤੇ ਮੈਨੇਜਰ ਨਿਰਮਲਜੀਤ ਸਿੰਘ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ | ਦਿਨ ਵੇਲੇ ਤੋਂ ਹੀ ਪਟਾਕਿਆਂ ਦੀ ਆਵਾਜ਼ ਸ਼ੁਰੂ ਹੋ ਗਈ ਅਤੇ ਦੇਰ ਰਾਤ ਤੱਕ ਅਸਮਾਨ ਵਿਚ ਪਟਾਕੇ ਗੂੰਜਦੇ ਵਿਖਾਈ ਦਿੱਤੇ | ਜਾਗਰੂਕ ਬੱਚਿਆਂ ਨੇ ਵੀ ਦੀਵਾਲੀ ਨੂੰ ਵਧੀਆ ਢੰਗ ਨਾਲ ਮਨਾ ਕੇ ਚੰਗਾ ਸੁਨੇਹਾ ਦਿੱਤਾ | ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਦੂਜੀ ਪਿੰਡ ਸਰਾਏਨਾਗਾ ਵਿਖੇ ਵੀ ਲੋਕਾਂ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਮੱਥਾ ਟੇਕਿਆ ਗਿਆ | ਇਸ ਤੋਂ ਇਲਾਵਾ ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਵੀ ਸ਼ਰਧਾਲੂਆਂ ਵਲੋਂ ਮੱਥਾ ਟੇਕਿਆ ਗਿਆ ਅਤੇ ਦੀਵੇ ਜਗਾਏ ਗਏ | ਸ਼ਹਿਰ ਵਿਚ ਮਿੱਟੀ ਦੇ ਦੀਵਿਆਂ ਤੇ ਹੋਰ ਬਣੇ ਮਿੱਟੀ ਦੇ ਸਾਮਾਨ ਦੀਆਂ ਫ਼ੜ੍ਹੀਆਂ ਵੀ ਵੱਖ-ਵੱਖ ਥਾਵਾਂ 'ਤੇ ਲੱਗੀਆਂ ਹੋਈਆਂ ਸਨ | ਰੇਲਵੇ ਰੋਡ 'ਤੇ ਮਿੱਟੀ ਦੇ ਦੀਵੇ ਵੇਚ ਰਹੇ ਪਰਜਾਪਤ ਬਰਾਦਰੀ ਨਾਲ ਸੰਬੰਧਿਤ ਮਿੱਠੂ ਰਾਮ, ਤਿਲਕ ਨਗਰ ਵਿਖੇ ਮਿੱਟੀ ਦੇ ਸਾਮਾਨ ਵੇਚ ਰਹੇ ਮਾਤਾ ਮੂਰਤੀ ਦੇਵੀ ਤੇ ਬਠਿੰਡਾ ਰੋਡ ਵਿਖੇ ਮਿੱਟੀ ਦੇ ਦੀਵਿਆਂ ਦੀ ਸਟਾਰ ਲਾਈ ਬੈਠੇ ਧਰਮਪਾਲ ਨੇ ਕਿਹਾ ਕਿ ਬਿਜਲੀ ਲੜੀਆਂ ਦੇ ਵਾਧੇ ਨੇ ਪਰਜਾਪਤ ਬਿਰਾਦਰੀ ਦੇ ਇਸ ਪੁਸ਼ਤੈਨੀ ਕਾਰੋਬਾਰ 'ਤੇ ਵੱਡਾ ਅਸਰ ਪਾਇਆ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਵੀ ਸੰਗਤ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਵਿਚ ਅਮਨ ਸ਼ਾਂਤੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ |
ਸ੍ਰੀ ਮੁਕਤਸਰ ਸਾਹਿਬ 'ਚ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ
ਅਜੀਤ ਡੈਸਕ
22-10-2025