ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵਲੋਂ 'ਇਕ ਹਲਕਾ ਇਕ ਬਲਾਕ' ਯੋਜਨਾ ਤਹਿਤ ਹਲਕੇ ਦੇ ਬਲਾਕ ਭੀਖੀ ਨੂੰ ਮਾਨਸਾ ਬਲਾਕ 'ਚ ਮਰਜ਼ ਕਰਨ ਦੇ ਖ਼ਿਲਾਫ਼ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਰਾਜ ਕਾਲ 'ਚ ਗਰੀਬ ਪੱਖੀ ਇਕ ਵੀ ਕੰਮ ਨਹੀਂ ਕੀਤਾ | ਉਨ੍ਹਾਂ ਭੀਖੀ ਬਲਾਕ ਨੂੰ ਮਰਜ਼ ਕਰਨ ਦੇ ਸਵਾਲ 'ਤੇ ਹਲਕਾ ਵਿਧਾਇਕ ਦੇ ਤਰਕ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਦੋ ਬਲਾਕਾਂ ਨੂੰ ਇਕ ਕਰ ਰਹੇ ਹਾਂ 'ਤੇ ਪੱੁਛਿਆ ਕਿ ਵਿਧਾਇਕ ਸਿੰਗਲਾ ਇਹ ਦੱਸਣ ਕਿ 33 ਪਿੰਡਾਂ ਦੇ ਕਿਹੜੇ ਸਮਾਜ ਨੂੰ ਸੌਖਾ ਕਰਨ ਲਈ ਭੀਖੀ ਬਲਾਕ ਨੂੰ ਤੋੜਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਬਲਾਕ ਨੂੰ ਖ਼ਤਮ ਕਰਨ ਨਾਲ ਜਿੱਥੇ ਆਮ ਜਨਤਾ ਤੇ ਮਗਨਰੇਗਾ ਮਜ਼ਦੂਰਾਂ ਲਈ ਹੋਰ ਮੁਸ਼ਕਿਲਾਂ ਪੈਦਾ ਹੋਣਗੀਆਂ ਉੱਥੇ ਇਕ ਬੀ. ਡੀ. ਪੀ. ਓ. ਤੇ ਦਫ਼ਤਰੀ ਸਟਾਫ਼ ਦੀਆਂ ਪੋਸਟਾਂ ਵੀ ਖ਼ਤਮ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਬੋਲਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਬਲਾਕ ਦੇ ਪਿੰਡਾਂ 'ਚ ਲਾਮਬੰਦੀ ਕਰ ਕੇ 23 ਜੂਨ ਨੂੰ ਭੀਖੀ ਬਲਾਕ ਦਫ਼ਤਰ 'ਚ ਬਲਾਕ ਬਚਾਓ ਰੈਲੀ ਕੀਤੀ ਜਾਵੇਗੀ | ਇਸ ਮੌਕੇ ਗੁਲਾਬ ਸਿੰਘ ਖੀਵਾ, ਭੂਰਾ ਸਿੰਘ ਸਮਾਉਂ, ਮੇਲਾ ਸਿੰਘ ਮੋਹਰ ਸਿੰਘ ਵਾਲਾ, ਬੱਲਮ ਸਿੰਘ ਢੈਪਈ, ਜਰਨੈਲ ਸਿੰਘ ਮਾਨਸਾ, ਰੋਸ਼ੀ ਸਿੰਘ ਮੱਤੀ, ਟੈਹਲਾ ਸਿੰਘ ਮਾਨਸਾ ਆਦਿ ਹਾਜ਼ਰ ਸਨ |