ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦਾ ਸੈਸ਼ਨ 2023-25 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਸੈਸ਼ਨ ਦੇ ਪਹਿਲੇ ਸਾਲ ਦੇ ਕੁੱਲ 53 ਸਿੱਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ ਲੜਕੀਆਂ ਨੇ ਸਭ ਤੋਂ ਵੱਧ ਅੰਕ ਲੈ ਕੇ ਬਾਜ਼ੀ ਮਾਰੀ ਹੈ | ਹਰਵਿੰਦਰ ਕੌਰ ਨੇ ਕੁੱਲ 1150 ਅੰਕਾਂ 'ਚੋਂ 1088, ਸ਼ਾਇਨਾ ਬਾਨੋ ਨੇ 1073 ਅਤੇ ਇੰਦਰਜੀਤ ਕੌਰ ਨੇ 1069 ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ | 18 ਸਿੱਖਿਆਰਥੀਆਂ ਦੇ 90 ਜਾਂ ਇਸ ਤੋਂ ਵੱਧ ਅੰਕ ਜਦਕਿ ਬਾਕੀ ਸਾਰੇ ਸਿੱਖਿਆਰਥੀ 75 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਹੋਏ ਹਨ | ਸੰਸਥਾ ਵਿਖੇ ਪ੍ਰੋਗਰਾਮ ਦੌਰਾਨ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਸਿਖਿਆਰਥਣਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤਿੰਨੋ ਸਿਖਿਆਰਥਣਾਂ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਵੀ ਪਾਸ ਕੀਤਾ ਹੋਇਆ ਹੈ | ਹਲਕਾ ਵਿਧਾਇਕ ਬੁੱਧ ਰਾਮ ਨੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕੀਤੀ |