ਮਾਨਸਾ, 17 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਮਾਨਸਾ ਨੇ ਇੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ | ਉਨ੍ਹਾਂ ਹਦਾਇਤ ਕੀਤੀ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਨਾਲੀਆਂ, ਸੀਵਰੇਜ ਅਤੇ ਡਰੇਨਾਂ ਦੀ ਪੂਰੀ ਤਰ੍ਹਾਂ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਪਾਣੀ ਇਕੱਠਾ ਨਾ ਹੋਵੇ | ਇਸ ਦੇ ਨਾਲ ਹੀ ਪੰਪਾਂ ਦੇ ਅਗਾੳਾੂ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਤੈਰਾਕਾਂ ਅਤੇ ਗੋਤਾਖੋਰਾਂ ਦੀ ਪਛਾਣ ਕਰਨ, ਸੂਚੀ ਤਿਆਰ ਕਰਨ ਅਤੇ ਰਾਹਤ ਕੈਂਪ ਬਣਾਉਣ ਦੀ ਵੀ ਯੋਜਨਾ ਰੱਖਣ ਲਈ ਕਿਹਾ | ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ 'ਚ ਮਦਦ ਲਈ ਮਗਨਰੇਗਾ ਲੇਬਰ ਵੀ ਤਿਆਰ ਰੱਖੀ ਜਾਵੇ | ਮੀਟਿੰਗ ਦੌਰਾਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਹੜ੍ਹ ਪ੍ਰਬੰਧਨ ਦੀਆਂ ਤਿਆਰੀਆਂ ਨੂੰ ਤਰਜੀਹ ਦੇਣ ਅਤੇ ਆਫ਼ਤ ਪ੍ਰਬੰਧਨ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਜ਼ਿਲ੍ਹਾ ਪੱਧਰ 'ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ | ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 01652-229082 'ਤੇ ਸੰਪਰਕ ਕਰਕੇ ਹੜ੍ਹਾਂ ਸਬੰਧੀ ਸੂਚਨਾ ਦਿੱਤੀ ਜਾ ਸਕਦੀ ਹੈ | ਇਸ ਮੌਕੇ ਮਿਸ ਗੁਰਲੀਨ ਕੌਰ ਆਈ.ਏ.ਐਸ. (ਅੰਡਰ ਟਰੇਨਿੰਗ), ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ |