ਭੀਖੀ, 21 ਜੂਨ (ਬਲਕਾਰ ਸਿੰਘ ਸਹੋਤਾ)-ਪੰਜਾਬ ਸਰਕਾਰ ਵਲੋਂ ਭੀਖੀ ਬਲਾਕ ਨੂੰ ਤੋੜਨ ਦੀ ਤਜਵੀਜ਼ ਦੇ ਵਿਰੋਧ ਵਿਚ ਸਥਾਨਕ ਬੀ.ਡੀ.ਪੀ.ਓ ਦਫ਼ਤਰ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਲਗਾਇਆ ਧਰਨਾ 6ਵੇਂ ਦਿਨ ਵਿਚ ਦਾਖਲ ਹੋ ਗਿਆ | ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ 23 ਜੂਨ ਨੂੰ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ ਵੱਡਾ ਜਨਤਕ ਇਕੱਠ ਕਰ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਰੂਪ ਸਿੰਘ, ਸੀ.ਪੀ.ਆਈ. (ਐਮ.ਐਮ) ਲਿਬਰੇਸ਼ਨ ਦੇ ਕਾ. ਧਰਮਪਾਲ ਨੀਟਾ, ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਸਰਪੰਚ ਬਲਜੀਤ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਸਰਕਾਰ, 'ਸਰਕਾਰ ਆਪ ਦੇ ਦੁਆਰ' ਜਿਹੇ ਪ੍ਰੋਗਰਾਮਾਂ ਤਹਿਤ ਨਾਗਰਿਕਾਂ ਨੂੰ ਉਨ੍ਹਾਂ ਦੇ ਦੁਆਰ ਤੇ ਪ੍ਰਸ਼ਾਸਿਕ ਸੇਵਾਵਾਂ ਮੁਹੱਈਆ ਕਰਵਾਉਣ ਦਾ ਢੌਂਗ ਰਚਦੀ ਹੈ ਅਤੇ ਦੂਸਰੇ ਪਾਸੇ ਲੋਕਾਂ ਦੀ ਅਹਿਮ ਜ਼ਰੂਰਤ ਬੀ.ਡੀ.ਪੀ.ਓ. ਦਫ਼ਤਰ ਨੂੰ ਖ਼ਤਮ ਕਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਲਕਾ ਵਿਧਾਇਕ ਨੇ ਇਲਾਕਾ ਨਿਵਾਸੀਆਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਦਾ ਭੀਖੀ ਬਲਾਕ ਦੇ ਪਿੰਡਾਂ 'ਚ ਵੜਨਾ ਦੁੱਭਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਪੱਧਰ 'ਤੇ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਪਹਿਲਾਂ ਵਾਲੀਆਂ ਨੂੰ ਵੀ ਖੋਹਿਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਕੌਂਸਲਰ ਕੇਵਲ ਸਿੰਘ, ਦਿਨੇਸ਼ ਸੋਨੀ, ਕਰਨੈਲ ਸਿੰਘ, ਗੁਲਾਬ ਸਿੰਘ ਖੀਵਾ, ਰਘੁਵੀਰ ਸਿੰਘ, ਕੁਲਦੀਪ ਸਿੰਘ ਸੰਧੂ, ਕੇਵਲ ਸਿੰਘ ਸਮਾਉਂ, ਅਮੋਲਕ ਸਿੰਘ, ਮਨਦੀਪ ਸਿੰਘ, ਸੋਧਾ ਸਿੰਘ ਖੀਵਾ ਕਲਾਂ ਆਦਿ ਹਾਜ਼ਰ ਸਨ |