08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭੀਖੀ 'ਚ ਟੋਭਿਆਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਸੰਤਾਪ ਭੋਗ ਰਹੇ ਨੇ ਸ਼ਹਿਰ ਵਾਸੀ

ਅਜੀਤ ਡੈਸਕ 02-09-2025
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)-ਪਿਛਲੇ ਤਿੰਨ ਦਹਾਕਿਆਂ ਪਹਿਲਾ ਗ੍ਰਾਮ ਪੰਚਾਇਤ ਭੀਖੀ ਨੂੰ ਨਗਰ ਪੰਚਾਇਤ ਬਣਾਉਣ ਉਪਰੰਤ ਨਗਰ ਪੰਚਾਇਤ ਦੀ ਨਿੱਜੀ ਜਾਇਦਾਦ ਗ਼ੈਰਮੁਮਕਨ ਛੱਪੜਾਂ ਦੀ ਜ਼ਮੀਨ 'ਤੇ ਸਿਆਸੀ ਕਾਰਨਾਂ ਕਰਕੇ ਹੋਏ ਧੜਾ-ਧੜ ਨਾਜਾਇਜ਼ ਕਬਜ਼ਿਆਂ ਦਾ ਖ਼ਮਿਆਜ਼ਾ ਸਮੁੱਚੇ ਨਗਰ ਨੂੰ ਭੋਗਣਾ ਪੈ ਰਿਹਾ ਹੈ | ਪੰਚਾਇਤ ਦੇ ਲਾਲ ਲਕੀਰ ਅਤੇ ਗ਼ੈਰਮੁਮਕਨ ਰਕਬੇ ਅਧੀਨ ਆਉਂਦੇ ਚਾਰ ਛੱਪੜਾਂ ਦੀ ਹੋਂਦ ਨਾਜਾਇਜ਼ ਕਬਜ਼ਿਆਂ ਕਾਰਨ ਮੁਕੰਮਲ ਰੂਪ ਵਿਚ ਖ਼ਤਮ ਹੋ ਗਈ ਹੈ ਜਦਕਿ ਬਾਕੀ ਛੱਪੜਾਂ ਦੇ ਹਾਲਾਤ ਵੀ ਬਹੁਤ ਮਾੜੇ ਹਨ | ਛੱਪੜਾਂ ਦੀ ਜ਼ਮੀਨ 'ਤੇ ਜਿੱਥੇ ਲੋਕਾਂ ਨੇ ਨਿੱਜੀ ਪੱਧਰ 'ਤੇ ਕਬਜ਼ੇ ਕੀਤੇ ਉੱਥੇ ਧਾਰਮਿਕ ਸੰਸਥਾਵਾਂ ਵੀ ਪਿੱਛੇ ਨਹੀਂ ਰਹੀਆਂ | ਨਗਰ ਪੰਚਾਇਤ ਦੇ ਜਾਇਦਾਦ ਰਿਕਾਰਡ ਵਿਚ ਇਨ੍ਹਾਂ ਛੱਪੜਾਂ ਵਿਚ ਗੁਰਦੁਆਰਾ ਸਾਹਿਬ ਸੜਕ 'ਤੇ ਸਥਿਤ ਪੰਡਤਾਂ ਵਾਲੇ ਛੱਪੜ ਦਾ ਰਕਬਾ 66 ਕਨਾਲ 11 ਮਰਲੇ ਦਾ ਹੈ, ਜਿਸ 'ਤੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਸ਼ਹਿਰੀਆਂ ਦੇ ਨਾਜਾਇਜ਼ ਕਬਜ਼ਿਆਂ ਕਾਰਨ ਇਹ ਛੱਪੜ ਦਾ ਆਕਾਰ ਘਟ ਕੇ ਕੁਝ ਕਨਾਲ ਦਾ ਹੀ ਰਹਿ ਗਿਆ ਹੈ | ਕਸਬੇ ਵਿਖੇ ਇਸ ਛੱਪੜ ਵਿਚ ਇਕੱਤਰ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਹੈ ਅਤੇ ਪਿਛਲੇ ਇਕ ਹਫ਼ਤੇ ਤੋਂ ਇੱਥੋਂ ਨਗਰ ਪੰਚਾਇਤ ਦੀਆ ਬਰਸਾਤੀ ਪਾਣੀ ਕੱਢਣ ਦੀਆਂ ਤਮਾਮ ਕੋਸ਼ਿਸ਼ਾਂ 'ਤੇ ਪਾਣੀ ਫਿਰ ਗਿਆ ਹੈ | ਇੱਥੇ ਇਹ ਵੀ ਮਹੱਤਵਪੂਰਨ ਤੱਥ ਹੈ ਕਿ ਵੋਟ ਬੈਂਕ ਲਈ ਇਸ ਛੱਪੜ 'ਤੇ ਨਾਜਾਇਜ਼ ਕਬਜ਼ਾਧਾਰੀ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਹਰ ਸਰਕਾਰ ਭਾਵੇਂ ਉਹ ਅਕਾਲੀ ਹੋਣ ਜਾਂ ਕਾਂਗਰਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿਲ ਖੋਲ੍ਹ ਕੇ ਸਰਕਾਰੀ ਖ਼ਜ਼ਾਨੇ ਵਿਚੋਂ ਗਰਾਂਟਾਂ ਦਿੱਤੀਆਂ | ਇਸ ਤੋਂ ਇਲਾਵਾ ਬਾਬਾ ਗੁੱਦੜ ਸ਼ਾਹ ਡੇਰੇ ਦੇ ਸਾਹਮਣੇ 99 ਕਨਾਲ ਦੇ ਰਕਬੇ ਵਾਲੇ ਛੱਪੜ ਦਾ ਵੀ ਇਹੋ ਹਾਲ ਹੈ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਇਸ ਛੱਪੜ ਦਾ ਪਾਣੀ ਵੀ ਹੁਣ ਧਲੇਵਾਂ ਰੋਡ 'ਤੇ ਘਰਾਂ ਵਿਚ ਆ ਵੜਦਾ ਹੈ | ਨਗਰ ਪੰਚਾਇਤ ਦੀ ਮਾਲਕੀ ਵਾਲੇ ਇਨ੍ਹਾਂ ਛੱਪੜਾਂ ਦੀ 9 ਖ਼ਿੱਤਿਆਂ ਵਿਚ 241 ਕਨਾਲ 4 ਮਰਲੇ ਜ਼ਮੀਨ ਦਾ ਰਕਬਾ ਹੈ ਖ਼ਸਰਾ ਨੰਬਰ 348 ਅਧੀਨ 13 ਕਨਾਲ 6 ਮਰਲੇ, 347 ਅਧੀਨ 3 ਕਨਾਲ 1 ਮਰਲਾ, 349 ਅਧੀਨ 19 ਕਨਾਲ 16 ਮਰਲੇ, 350/2 ਅਧੀਨ 12 ਕਨਾਲ, 351 ਅਧੀਨ 10 ਕਨਾਲ 17 ਮਰਲੇ , 353 ਅਧੀਨ 8 ਕਨਾਲ ਅਤੇ 354 ਅਧੀਨ 8 ਕਨਾਲ 10 ਮਰਲੇ ਸ਼ਾਮਲ ਹੈ ਪ੍ਰੰਤੂ ਪ੍ਰਸ਼ਾਸਨ ਨਾਲਾਇਕੀ ਅਤੇ ਰਾਜਨੀਤਕ ਨਿਕੰਮੇਪਣ ਕਾਰਨ ਇਨ੍ਹਾਂ ਛੱਪੜਾਂ 'ਤੇ ਹੋਏ ਨਾਜਾਇਜ਼ ਕਬਜ਼ੇ ਅੱਜ ਸ਼ਹਿਰ ਵਾਸੀਆਂ ਦੀ ਹੋ ਰਹੀ ਦੁਰਦਸ਼ਾ ਸੋਚਣ ਲਈ ਮਜਬੂਰ ਕਰ ਰਹੀ ਹੈ |
ਫ਼ੰਡਾਂ ਦੀ ਕਮੀ ਕਾਰਨ ਨਹੀਂ ਹੋ ਸਕਿਆ ਪੁਨਰ ਸੁਰਜੀਤੀਕਰਨ
-ਬੇਸ਼ੱਕ ਸੂਬਾ ਸਰਕਾਰ 2022 ਵਿਚ ਨਗਰ ਦੇ 4 ਛੱਪੜਾਂ ਦੇ ਪੁਨਰ ਨਵੀਨੀ ਅਤੇ ਸੁੰਦਰੀਕਰਨ ਲਈ 1 ਕਰੋੜ 76 ਲੱਖ ਰੁਪੈ ਦੇ ਟੈਂਡਰ ਲਗਾਏ ਗਏ ਸਨ ਪ੍ਰੰਤੂ ਫੰਡਾਂ ਦੀ ਕਮੀ ਕਾਰਨ ਇਹ ਕਾਰਜ ਪੂਰਨ ਨਹੀਂ ਹੋ ਸਕੇ ਜਦਕਿ ਭਜਨੀ ਵਾਲੇ ਛੱਪੜ ਦੇ 32 ਲੱਖ 49 ਹਜ਼ਾਰ ਦੀ ਰਾਸ਼ੀ ਦਾ ਟੈਂਡਰ ਨਗਰ ਪੰਚਾਇਤ ਵੱਲੋਂ ਖੋਲ੍ਹ ਲਿਆ ਗਿਆ ਸੀ ਪ੍ਰੰਤੂ ਇਹ ਕਾਰਜ ਵੀ ਸਿਰੇ ਨਹੀਂ ਲੱਗ ਸਕਿਆ | ਪਿਛਲੇ ਮਹੀਨੇ ਛੱਪੜਾਂ ਦੇ ਉਦਾਰੀਕਰਨ ਲਈ ਬਣਾਈ ਸਕੀਮ ਅੰਮਿ੍ਤ-2 ਤਹਿਤ ਸ਼ਹਿਰ ਦੇ ਛੱਪੜ ਲਈ ਨਗਰ ਪੰਚਾਇਤ ਵੱਲੋਂ ਇੱਕ ਕਰੋੜ 10 ਲੱਖ ਦਾ ਟੈਂਡਰ ਲਾਇਆ ਗਿਆ ਪਰ ਸਿਰਫ਼ ਇੱਕ ਫ਼ਰਮ ਵੱਲੋਂ ਹੀ ਪਾਉਣ ਕਾਰਨ ਇਹ ਕੰਮ ਵੀ ਨੇਪਰੇ ਨਹੀਂ ਚੜ੍ਹ ਸਕਿਆ | ਭੀਖੀ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਗੰਭੀਰਤਾ ਨਾਲ ਇਨ੍ਹਾਂ ਛੱਪੜਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਛੱਪੜਾਂ ਦੀ ਮੁੜ ਸੁਰਜੀਤੀਕਰਨ ਲਈ ਪ੍ਰਤੀਬੱਧਤਾ ਅਤੇ ਨੇਕ ਨੀਤੀ ਨਾਲ ਕੰਮ ਕਰੇ ਤਾਂ ਨਾਗਰਿਕਾਂ ਨੂੰ ਬੇਵਜ੍ਹਾ ਪੈਦਾ ਹੋਈ ਦਿੱਕਤ ਨਾਲ ਕੁਝ ਹੱਦ ਤੱਕ ਨਜਿੱਠਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਹੜ੍ਹਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਇਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ-ਮਾਸਟਰ ਸਿੱਧੂ <br/> ਅਗਲੀ ਖ਼ਬਰ ਮਾਨਸਾ ਜ਼ਿਲੇ੍ਹ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ 19 ਰਿਲੀਫ ਕੈਂਪ ਸਥਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।