ਮਾਨਸਾ, 16 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੇ ਅਧਿਕਾਰੀਆਂ ਦੀ ਪਹਿਲਕਦਮੀ ਨਾਲ ਨਵੀਂ ਦਿਸ਼ਾ ਦੇ ਤਹਿਤ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਰਾਏਪੁਰ ਵਿਖੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਮੈਗਾ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਇਲਾਕੇ ਦੇ ਦਰਜਨ ਤੋਂ ਵਧੇਰੇ ਪਿੰਡਾਂ ਦੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਸਮਾਗਮ ਵਿਚ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ, ਬਲਾਕ ਖੇਤੀਬਾੜੀ ਅਫ਼ਸਰ ਝੁਨੀਰ ਕਮਲਦੀਪ ਸਿੰਘ, ਖੇਤੀ ਵਿਗਿਆਨੀ ਚਮਨਦੀਪ ਸਿੰਘ ਤੇ ਅੰਮਿ੍ਤਪਾਲ ਸਿੰਘ, ਮੱਛੀ ਪਾਲਣ ਵਿਭਾਗ ਦੇ ਪ੍ਰਭਦਿਆਲ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੁਲਾਰਿਆਂ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਚਣ ਅਤੇ ਮਲਚਿੰਗ, ਖਾਦ ਬਣਾਉਣ ਅਤੇ ਮਸ਼ੀਨੀ ਕਟਾਈ ਵਰਗੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ | ਉਨ੍ਹਾਂ ਪਰਾਲੀ ਸਾੜਨ ਨੂੰ ਹਵਾ ਦੀ ਗੁਣਵੱਤਾ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵ ਵਿਭਿੰਨਤਾ ਲਈ ਖ਼ਤਰਾ ਦੱਸਿਆ ਗਿਆ | ਵੇਦਾਂਤਾ ਗਰੁੱਪ ਦੇ ਸੀ.ਈ.ਓ. ਰਾਜਿੰਦਰ ਸਿੰਘ ਆਹੂਜਾ, ਟੀ.ਐਸ.ਪੀ.ਐਲ ਦੇ ਸੀ.ਈ.ਓ. ਪੰਕਜ ਸ਼ਰਮਾ ਨੇ ਕਿਹਾ ਕਿ ਪਲਾਂਟ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਵਾਲੇ ਕਾਰਜ ਕੀਤੇ ਜਾਂਦੇ ਹਨ ਅਤੇ ਪਿਛਲੇ ਵਰਿ੍ਹਆਂ ਤੋਂ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਸਮਾਗਮ ਕੀਤੇ ਜਾ ਰਹੇ ਹਨ | ਇਸ ਮੌਕੇ ਸਰਪੰਚ ਰਾਜੂ ਸਿੰਘ ਰਾਏਪੁਰ-1 ਅਤੇ ਸੁਖਰਾਜ ਸਿੰਘ ਰਾਏਪੁਰ-2, ਨਾਇਬ ਸਿੰਘ ਸਰਪੰਚ ਤਲਵੰਡੀ ਅਕਲੀਆ ਨੇ ਵੀ ਵਿਚਾਰ ਰੱਖੇ |