ਬੁਢਲਾਡਾ, 17 ਅਕਤੂਬਰ (ਸਵਰਨ ਸਿੰਘ ਰਾਹੀ)- ਪੰਜਾਬ ਅੰਦਰ ਵਾਰ ਵਾਰ ਆਉਂਦੇ ਹੜ੍ਹਾਂ ਨੂੰ ਰੋਕਣ ਦੀ ਸਥਾਈ ਨੀਤੀ ਬਣਵਾਉਣ ਦੀ ਮੰਗ ਨੂੰ ਲੈ ਕੇ ਲੋਕ ਮੋਰਚਾ ਪੰਜਾਬ ਵਲੋਂ ਇੱਥੇ ਰੱਖੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਪੰਜਾਬ ਪਿਛਲੇ 60-65 ਸਾਲਾਂ ਤੋਂ ਹੜ੍ਹਾਂ ਦੀ ਮਾਰ ਝੱਲਦਾ ਆ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਇਲਾਵਾ ਕੋਈ ਸਥਾਈ ਪ੍ਰਬੰਧ ਕਰਨ ਵੱਲ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ | ਹੜ੍ਹਾਂ ਮੌਕੇ ਬਿਪਤਾ ਦੀ ਘੜੀ 'ਚ ਪੀੜਤ ਲੋਕਾਂ ਦੀ ਮਦਦ ਵਿਚ ਆਮ ਲੋਕ, ਕਿਸਾਨ ਤੇ ਸਮਾਜ ਸੇਵੀ ਸੰਸਥਾਵਾਂ, ਮੁਲਾਜ਼ਮਾਂ ਜਥੇਬੰਦੀਆਂ ਹੀ ਹਿੱਸਾ ਪਾਉਂਦੀਆਂ ਆ ਰਹੀਆਂ ਹਨ ਜਦਕਿ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਮਦਦ ਦੇ ਨਾਂ ਹੇਠ ਸਿਰਫ਼ ਵੋਟਾਂ ਪੱਕੀਆਂ ਕਰਨ ਵੱਲ ਨਿਗ੍ਹਾ ਰਖਦੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਹੜ੍ਹਾਂ ਤੋਂ ਬਚਾਅ ਦਾ ਪੱਕਾ ਹੱਲ ਕਰਨ ਲਈ ਦਰਿਆਵਾਂ, ਨਦੀਆਂ ਨੂੰ ਡੂੰਘਾ ਕੀਤਾ ਜਾਵੇ ਤੇ ਕਿਨਾਰੇ ਪੱਕੇ ਮਜ਼ਬੂਤ ਕੀਤੇ | ਮਾਈਨਿੰਗ ਦੀ ਆਗਿਆ ਨਿਯਮਤ ਨਿਯਮਾਂ ਅਧੀਨ ਹੀ ਦਿੱਤੀ ਜਾਵੇ | ਮੋਰਚਾ ਆਗੂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਤੇ ਕੇਂਦਰ ਸਰਕਾਰ ਇਸ ਵਾਰ ਹੋਈ ਭਾਰੀ ਤਬਾਹੀ ਦੇ ਬਰਾਬਰ ਲੋਕਾਂ ਨੂੰ ਫ਼ੌਰੀ ਮੁਆਵਜ਼ਾ ਦੇਵੇ | ਬਿਮਾਰੀਆਂ ਦੀ ਅਗਾਊਾ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣ | ਲੋੜੀਂਦਾ ਸਟਾਫ਼ ਦਵਾਈਆਂ ਤੇ ਹੋਰ ਢਾਂਚਾ ਫ਼ੌਰੀ ਮੁਹੱਈਆ ਕਰਵਾਇਆ ਜਾਵੇ | ਭਾਰੀ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ ਪਹਿਲਾਂ ਕੀਤੇ ਜਾਣ ਵਾਲੇ ਸਫ਼ਾਈ ਤੇ ਮੁਰੰਮਤ ਦੇ ਕੰਮ ਵਿਚ ਕੋਤਾਹੀ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਬਣਦੀ ਸਖ਼ਤ ਸਜ਼ਾ ਦਿੱਤੀ ਜਾਵੇ |