ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਮਾਨਸਾ ਦੀ ਇਕੱਤਰਤਾ ਸਥਾਨਕ ਗੁਰਦੁਆਰਾ ਗੁਰਮਤਿ ਪ੍ਰਕਾਸ਼ ਸਾਹਿਬ ਵਿਖੇ ਹੋਈ | ਪਿ੍ੰਸੀਪਲ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ 25 ਅਕਤੂਬਰ ਨੂੰ ਹੋਣ ਵਾਲੀ ਧਾਰਮਿਕ ਪ੍ਰੀਖਿਆ ਸਬੰਧੀ ਡਿਊਟੀਆਂ ਲਗਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 19 ਕੇਂਦਰਾਂ 'ਚ ਇਹ ਪ੍ਰੀਖਿਆ ਹੋਵੇਗੀ | ਇਸੇ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮਨਾਉਣ ਸੰਬੰਧੀ ਵਿਚਾਰ ਕੀਤੀ ਗਈ | 3 ਗਰੁੱਪਾਂ ਵਿਚ 16 ਨਵੰਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਕਰਵਾਉਣ ਸੰਬੰਧੀ ਫ਼ੈਸਲਾ ਲਿਆ ਗਿਆ, ਜਿਸ ਵਿਚ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਪਹਿਲਾ ਗਰੁੱਪ, ਛੇਵੀਂ ਤੋਂ ਦਸਵੀਂ ਜਮਾਤ ਤੱਕ ਦੂਜਾ ਗਰੁੱਪ ਅਤੇ ਗਿਆਰ੍ਹਵੀਂ ਤੋਂ ਉੱਪਰ ਸਾਰਿਆਂ ਲਈ ਤੀਜਾ ਗਰੁੱਪ ਰੱਖਿਆ ਗਿਆ | ਗਰੁੱਪ 'ਚੋਂ ਪਹਿਲੀ ਪੁਜ਼ੀਸ਼ਨ ਵਾਲੇ ਬੱਚਿਆਂ ਨੂੰ 5000 ਰੁਪਏ, ਦੂਜੀ ਲਈ 3000 ਰੁਪਏ, ਤੀਜੀ ਲਈ 2000 ਰੁਪਏ ਅਤੇ ਚੌਥੀ ਪੁਜ਼ੀਸ਼ਨ ਲਈ 1000 ਰੁਪਏ ਦੇ ਇਨਾਮ ਦਿੱਤੇ ਜਾਣਗੇ | ਇਸੇ ਤਰ੍ਹਾਂ 23 ਨਵੰਬਰ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਦੇ ਆਧਾਰ 'ਤੇ ਪ੍ਰਸ਼ਨੋਤਰੀ ਮੁਕਾਬਲਾ ਤੀਜੀ ਤੋਂ ਅੱਠਵੀਂ ਅਤੇ ਨੌਵੀਂ ਤੋਂ ਉੱਪਰ ਹਰ ਕੋਈ ਵਿਅਕਤੀ ਭਾਗ ਲੈ ਸਕਦਾ ਹੈ | ਪਹਿਲੀ ਪੁਜ਼ੀਸ਼ਨ ਲਈ 5000 ਰੁਪਏ, ਦੂਜੀ ਲਈ 3000 ਰੁਪਏ, ਤੀਜੀ ਲਈ 2000 ਰੁਪਏ ਅਤੇ ਚੌਥੀ ਪੁਜ਼ੀਸ਼ਨ ਲਈ 1000 ਰੁਪਏ ਦੇ ਇਨਾਮ ਦਿੱਤੇ ਜਾਣਗੇ | ਗੁਰਬਾਣੀ ਕੰਠ ਮੁਕਾਬਲੇ ਅਤੇ ਗੁਰਬਾਣੀ ਕੁਇਜ਼ ਮੁਕਾਬਲੇ 'ਚ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਸਿੱਖ ਧਰਮ ਪ੍ਰਸ਼ਨੋਤਰੀਆਂ ਗੁਰਦੁਆਰਾ ਗੁਰਮਤਿ ਪ੍ਰਕਾਸ਼ ਸਾਹਿਬ ਰਾਮ ਬਾਗ਼ ਰੋਡ ਮਾਨਸਾ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ |