ਝੁਨੀਰ, 23 ਅਕਤੂਬਰ (ਸੰਜੀਵ ਸਿੰਗਲਾ)- ਖੇਤੀ ਵਿਗਿਆਨ ਕੇਂਦਰ ਮਾਨਸਾ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਨੇੜਲੇ ਪਿੰਡ ਦਾਨੇਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਅਲੋਕ ਗੁਪਤਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਮਿੱਟੀ ਦੀ ਜ਼ਰੂਰੀ ਤੱਤ ਵੀ ਮਰ ਜਾਂਦੇ ਹਨ ਤੇ ਉਪਜਾਊ ਸ਼ਕਤੀ ਵੀ ਘਟਦੀ ਹੈ | ਡਾ. ਰਣਵੀਰ ਸਿੰਘ ਸਹਾਇਕ ਪੋ੍ਰਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਲਈ ਯੂਨੀਵਰਸਿਟੀ ਦੇ ਦਰਸਾਏ ਪੈਮਾਨਿਆਂ ਮੁਤਾਬਿਕ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਜੀਵਾਣੂ ਟੀਕੇ ਦੀ ਜ਼ਮੀਨ ਦੀ ਸਿਹਤ ਅਤੇ ਫ਼ਸਲ ਦੇ ਝਾੜ ਵਧਾਉਣ 'ਚ ਮਹੱਤਤਾ ਬਾਰੇ ਦੱਸਿਆ | ਅਜੈ ਸਿੰਘ ਸਹਾਇਕ ਪੋ੍ਰਫੈਸਰ (ਪਸ਼ੂ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੀ ਖ਼ੁਰਾਕ ਤੇ ਡੇਅਰੀ ਵਿਚ ਬੈਡਿੰਗ ਸਮਗਰੀ ਵਜੋਂ ਵਰਤਣ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਿਸਾਨਾਂ ਦੀ ਸਹੂਲਤ ਲਈ ਖੇਤੀ ਸਾਹਿਤ, ਧਾਤਾਂ ਦਾ ਚੂਰਾ, ਛੋਲਿਆਂ ਦੀ ਕਿਸਮ ਪੀ.ਬੀ.ਜੀ. 8 ਤੇ ਸਬਜ਼ੀਆਂ ਦੀ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ |