22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਸਰਗਰਮ ਉਪਰਾਲੇ ਕੀਤੇ ਜਾਣ- ਡਿਪਟੀ ਕਮਿਸ਼ਨਰ

ਅਜੀਤ ਡੈਸਕ 24-10-2025

ਮਾਨਸਾ 23 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ | ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ, ਮਲੇਰੀਏ ਅਤੇ ਚਿਕਨਗੁਨੀਏ ਦੀ ਰੋਕਥਾਮ ਤੇ ਇਸ ਦੇ ਬਚਾਅ ਲਈ ਜਾਗਰੂਕਤਾ ਅਭਿਆਨ ਵਿਚ ਹਰ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਵਲੋਂ ਯੋਗਦਾਨ ਪਾਇਆ ਜਾਵੇ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਮਲੇਰੀਆ ਤੇ ਚਿਕਨਗੁਨੀਆਂ ਦੀ ਬਿਮਾਰੀ ਦੀ ਰੋਕਥਾਮ ਲਈ ਉਪਰਾਲੇ ਤੇਜ਼ ਕੀਤੇ ਜਾਣ, ਪ੍ਰਾਈਵੇਟ ਹਸਪਤਾਲਾਂ ਤੋਂ ਰੋਜ਼ਾਨਾ ਸ਼ੱਕੀ ਡੇਂਗੂ ਕੇਸਾਂ ਦੀ ਰਿਪੋਰਟ ਲੈਣਾ ਯਕੀਨੀ ਬਣਾਇਆ ਜਾਵੇ, ਸ਼ੱਕੀ ਕੇਸਾਂ ਦੇ ਸੈਂਪਲ ਲੈ ਕੇ ਮੈਕ ਐਲੀਜਾ (ਕਨਫਰਮੇਸ਼ਨ) ਟੈਸਟ ਕਰਵਾਇਆ ਜਾਵੇ, ਜਿਸ ਏਰੀਏ ਵਿਚ ਡੇਂਗੂ, ਮਲੇਰੀਆ ਦੇ ਕੇਸ ਵੱਧ ਪਾਏ ਜਾਂਦੇ ਹਨ ਉਥੇ ਤੁਰੰਤ ਸਪਰੇਅ ਕਰਵਾਈ ਜਾਵੇ, ਏਰੀਏ ਵਿਚ ਸਿਹਤ ਕਰਮਚਾਰੀਆਂ ਤੇ ਆਸ਼ਾ ਵਰਕਰ ਲਗਾ ਕੇ ਸਰਵੇ ਕਰਵਾਇਆ ਜਾਵੇ | ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ, ਕਬਾੜੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਵਾਈ ਜਾਵੇ ਇਹ ਯਕੀਨੀ ਬਣਾਇਆ ਜਾਵੇ ਕਿ ਉੱਥੇ ਸਫ਼ਾਈ ਕੀਤੀ ਹੋਈ ਹੋਵੇ ਅਤੇ ਕੋਈ ਵਾਧੂ ਪਾਣੀ ਨਾ ਖੜ੍ਹਾ ਹੋਵੇ | ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਦੇ ਲੱਛਣ ਅਤੇ ਬਚਾਅ ਬਾਰੇ ਰੋਜ਼ਾਨਾ ਪ੍ਰਾਰਥਨਾ ਸਭਾ ਦੌਰਾਨ ਜਾਗਰੂਕ ਕੀਤਾ ਜਾਵੇ | ਉਨ੍ਹਾਂ ਸਿਹਤ ਵਿਭਾਗ ਦੀ ਮੁਹਿੰਮ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਵਿਚ ਸਾਰੇ ਅਧਿਕਾਰੀਆਂ ਨੂੰ ਭਾਗ ਲੈਣ, ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਤੋਂ ਜਾਗਰੂਕ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ | ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਡੇਂਗੂ, ਮਲੇਰੀਏ ਅਤੇ ਚਿਕਨਗੁਨੀਆ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਲਗਾਤਾਰ ਕੰਮ ਕਰ ਰਹੀਆਂ ਹਨ ਜਿੱਥੇ ਕਿੱਥੇ ਪਾਜ਼ੀਟਿਵ ਕੇਸ ਪਾਇਆ ਜਾਂਦਾ ਹੈ ਉੱਥੇ ਆਲ਼ੇ ਦੁਆਲੇ ਦੇ 40-50 ਘਰਾਂ ਵਿਚ ਸਪਰੇਅ ਕਰਵਾਈ ਜਾਂਦੀ ਹੈ ਘਰਾਂ ਤੋਂ ਬਾਹਰ ਫੌਗਿੰਗ ਕਰਵਾਈ ਜਾਂਦੀ ਹੈ, ਜਿੱਥੇ ਲਾਰਵਾ ਮਿਲਦਾ ਹੈ ਉੱਥੇ ਲਾਰਵੀਸਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਖਿਆਲਾ ਵਿਖੇ ਗੰਬੂਜੀਆ ਫਿਸ਼ ਹੈਚਰੀ ਬਣਾਈ ਗਈ ਹੈ | ਗੰਬੂਜੀਆ ਮੱਛੀ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀ ਹੈ, ਜ਼ਿਲ੍ਹੇ 'ਚ 173 ਛੱਪੜਾਂ ਵਿਚ ਗੰਬੂਜੀਆ ਮੱਛੀ ਛੱਡੀ ਗਈ ਹੈ | ਉਨ੍ਹਾਂ ਦੱਸਿਆ ਕਿ ਚਿਕਨ ਗੁਨੀਆ ਦੇ 421 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 48 ਕੇਸ ਪਾਜ਼ੀਟਿਵ ਰਿਪੋਰਟ ਹੋਏ ਹਨ | ਡੇਂਗੂ ਬੁਖ਼ਾਰ ਦੇ 1284 ਸੈਂਪਲ ਲਏ ਗਏ, ਜਿਸ ਵਿਚੋਂ 36 ਪਾਜ਼ੀਟਿਵ ਰਿਪੋਰਟ ਹੋਏ ਹਨ |

ਪਿਛਲੀ ਖ਼ਬਰ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਮਾਨਸਾ ਸ਼ਹਿਰ ਵਾਸੀ ਅਗਲੀ ਖ਼ਬਰ ਕਿਸਾਨ ਖੇਤੀ ਮਸ਼ੀਨਰੀ ਨਾਲ ਕਰਨ ਝੋਨੇ ਦੀ ਪਰਾਲੀ ਦਾ ਪ੍ਰਬੰਧਨ- ਮੁੱਖ ਖੇਤੀਬਾੜੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।