22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਮਾਨਸਾ ਸ਼ਹਿਰ ਵਾਸੀ

ਅਜੀਤ ਡੈਸਕ 24-10-2025

ਬਹੁਤੀਆਂ ਸਟਰੀਟ ਲਾਈਟਾਂ ਬੰਦ, ਟਰੈਫ਼ਿਕ ਬੱਤੀਆਂ ਵੀ ਨਹੀਂ ਚੱਲਦੀਆਂ
ਮਾਨਸਾ, 23 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਸ਼ਹਿਰ ਵਾਸੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਪ੍ਰਸ਼ਾਸਨ ਤੇ ਕੌਂਸਲ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਸਰਕਾਰੇ ਦਰਬਾਰੇ ਲੋਕਾਂ ਦੀ ਚੀਖ਼ ਨਹੀਂ ਸੁਣੀ ਜਾ ਰਹੀ | ਹਰ ਗਲੀ-ਮੁਹੱਲੇ ਦੇ ਮੋੜ 'ਤੇ ਕੂੜੇ ਦੇ ਢੇਰ ਪਏ ਹਨ, ਜਿਨ੍ਹਾਂ 'ਚ ਅਕਸਰ ਲਾਵਾਰਸ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ | ਲਗਪਗ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ | ਵੀ.ਵੀ.ਆਈ.ਪੀ. ਕਰਕੇ ਜਾਣੀ ਜਾਂਦੀ ਕਚਹਿਰੀ ਰੋਡ ਦਾ ਬਹੁਤ ਬੁਰਾ ਹਾਲ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਇਹ ਸੜਕ ਇਸ ਕਦਰ ਟੁੱਟ ਚੁੱਕੀ ਹੈ ਕਿ ਨਿੱਤ ਰੋਜ਼ ਨਿੱਕਾ ਮੋਟਾ ਹਾਦਸਾ ਵਾਪਰਦਾ ਰਹਿੰਦਾ ਹੈ | ਕਈ ਥਾਵਾਂ 'ਤੇ ਦੁਕਾਨਦਾਰਾਂ ਨੇ ਖ਼ੁਦ ਇੱਟਾਂ-ਰੋੜਿਆਂ ਨਾਲ ਟੋਏ ਆਦਿ ਭਰ ਲਏ ਹਨ, ਜੋ ਰਾਹਗੀਰਾਂ ਲਈ ਵੱਡੀ ਸਮੱਸਿਆ ਬਣ ਰਹੇ ਹਨ | ਇਸੇ ਤਰ੍ਹਾਂ ਸੀਵਰੇਜ ਦਾ ਗੰਦਾ ਪਾਣੀ ਥਾਂ-ਥਾਂ 'ਤੇ ਖੜ੍ਹਾ ਹੈ | ਉੱਘੜ-ਦੁੱਗੜ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਹਾਦਸਿਆਂ ਦੀ ਉਡੀਕ 'ਚ ਹਨ | ਸਲੱਮ ਬਸਤੀਆਂ 'ਚ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ | ਇੰਨੀ ਦਿਨੀਂ ਮੌਸਮੀ ਬਿਮਾਰੀਆਂ ਡੇਂਗੂ, ਮਲੇਰੀਆਂ, ਚਿਕਨਗੁਣੀਆਂ ਫੈਲਿਆ ਹੋਇਆ ਹੈ | ਸਰਕਾਰੀ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ ਬਹੁਤ ਨਿਗੂਣੀ ਹੈ ਜਦਕਿ ਨਿੱਜੀ ਹਸਪਤਾਲਾਂ ਦੇ ਵਾਰਡ ਭਰੇ ਪਏ ਹਨ | ਸ਼ਹਿਰ ਦੇ ਵਾਰਡ ਨੰ: 4 'ਚ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਫੈਲਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ |
ਤਿੰਨਕੋਣੀ 'ਤੇ ਟਰੈਫ਼ਿਕ ਬੱਤੀਆਂ ਵੀ ਹੋਈਆਂ ਬੰਦ
ਸਥਾਨਕ ਸ਼ਹਿਰ ਦੀ ਤਿੰਨਕੋਣੀ 'ਤੇ ਟਰੈਫ਼ਿਕ ਬੱਤੀਆਂ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ ਸ਼ਹਿਰ 'ਚ ਇੱਕੋ ਹੀ ਟਰੈਫ਼ਿਕ ਬੱਤੀਆਂ ਹਨ, ਜੋ ਕੁਝ ਦਿਨਾਂ ਬਾਅਦ ਬੰਦ ਹੋ ਜਾਂਦੀਆਂ ਹਨ | ਬਰਨਾਲਾ-ਸਿਰਸਾ ਮੁੱਖ ਮਾਰਗ ਹੋਣ ਕਾਰਨ ਅਤੇ ਹੋਰ ਸ਼ਹਿਰਾਂ ਲਈ ਜਾਣ ਵਾਸਤੇ ਇਹੋ ਹੀ ਇਕ ਰਸਤਾ ਹੈ ਅਤੇ ਸਾਰੀ ਟਰੈਫ਼ਿਕ ਇੱਥੋਂ ਦੀ ਗੁਜ਼ਰਦੀ ਹੈ | ਬੱਤੀਆਂ ਬੰਦ ਹੋਣ ਕਰਕੇ ਤਿੰਨਕੋਣੀ ਨਜ਼ਦੀਕ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਨਿੱਕੇ ਮੋਟੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ 'ਚ ਸਟਰੀਟ ਲਾਈਟਾਂ ਵੀ ਬੰਦ/ਖ਼ਰਾਬ ਪਈਆਂ ਹਨ | ਰਾਤ ਸਮੇਂ ਸੜਕ 'ਤੇ ਹਨੇਰਾ ਹੋਣ ਕਾਰਨ ਅਤੇ ਸੜਕਾਂ ਥਾਂ-ਥਾਂ ਤੋਂ ਟੁੱਟਣ/ਟੋਏ ਪੈਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਸ਼ਹਿਰੀਆਂ ਦੀ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਉਕਤ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਪੰਜਾਬ ਦੇ 38 ਲੱਖ ਪਰਿਵਾਰਾਂ ਨੂੰ 3 ਮਹੀਨੇ ਦੇ ਮੁਫ਼ਤ ਅਨਾਜ ਦਾ ਕੋਟਾ ਜਾਰੀ ਅਗਲੀ ਖ਼ਬਰ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਸਰਗਰਮ ਉਪਰਾਲੇ ਕੀਤੇ ਜਾਣ- ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।