ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ)-ਪੰਜਾਬ ਦੇ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਭਾਰਤ ਸਰਕਾਰ ਵਲੋਂ ਬੀਤੇ ਦਿਨ ਅੱਤਵਾਦ ਖ਼ਿਲਾਫ਼ ਕੀਤੇ ਗਏ ਆਪੇ੍ਰਸ਼ਨ ਸੰਧੂਰ ਦੇ ਸੰਬੰਧ ਵਿਚ 9 ਮੈਂਬਰੀ ਬਹੁ ਪਾਰਟੀ ਵਫ਼ਦ ਨਾਲ ਉਚੇਚੇ ਤੌਰ 'ਤੇ ਜਰਮਨ ਪਹੁੰਚੇ | ਜਰਮਨੀ ਦੇ ਬਰਲਿਨ ਸਥਿਤ ਭਾਰਤੀ ਅੰਬੈਸੀ ਦੇ ਪ੍ਰੋਗਰਾਮ ਤੋਂ ਬਾਅਦ ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਵਰਕਰਾਂ ਦੀ ਭਾਰੀ ਇਕੱਤਰਤਾ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਭਾਰਤੀ ਅੰਬੈਸੀ ਵਲੋਂ 10 ਸੀ ਜਰਮਨੀ ਦੇ ਪ੍ਰਧਾਨ ਮਨਵੀਰ ਸਿੰਘ ਵੜੈਚ, ਸੁਖਵਿੰਦਰ ਸਿੰਘ ਚੀਮਾ, ਪ੍ਰਮੋਦ ਕੁਮਾਰ ਮਿੰਟੂ, ਗੁਰਦੇਵ ਸਿੰਘ, ਅਵਤਾਰ ਸਿੰਘ ਵਿੱਕੀ, ਹਰਜਿੰਦਰ ਸਿੰਘ ਵੜੈਚ, ਧਰਮਿੰਦਰ ਸਿੰਘ ਰੰਧਾਵਾ, ਗੁਰ ਭਗਵੰਤ ਸਿੰਘ ਸੰਧਾਵਾਲੀਆ ਤੇ ਸਮੁੱਚੇ ਕਾਂਗਰਸ ਮੈਂਬਰ ਸਾਹਿਬਾਨ ਵਲੋਂ ਉਚੇਚੇ ਪ੍ਰਬੰਧ ਕੀਤੇ ਗਏ | ਇਸ ਪ੍ਰੋਗਰਾਮ ਵਿਚ ਪ੍ਰਧਾਨ ਮਨਵੀਰ ਸਿੰਘ ਵੜੈਚ ਤੇ ਸਾਥੀਆਂ ਵਲੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੇ ਉਨ੍ਹਾਂ ਦੇ ਸਾਥੀ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਪ੍ਰਧਾਨ ਮਨਵੀਰ ਸਿੰਘ ਵੜੈਚ ਵਲੋਂ ਐਨ ਆਰ ਆਈਜ਼ ਨੂੰ ਭਾਰਤ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਹੱਲ ਲੱਭਣ ਬਾਰੇ ਵੀ ਬੇਨਤੀ ਕੀਤੀ | ਪ੍ਰੋਗਰਾਮ ਦੌਰਾਨ ਬੋਲਦਿਆਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਲਈ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ | ਉਨ੍ਹਾਂ ਸਮੂਹ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਬਿਹਤਰੀ ਵਾਸਤੇ ਨਿਰੰਤਰ ਕਾਰਜ ਕੀਤੇ ਜਾਣ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ 10 ਸੀ ਜਰਮਨੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਨਵੀਰ ਸਿੰਘ ਵੜੈਚ ਤੇ ਸਾਥੀਆਂ ਵੱਲੋਂ ਕੀਤੇ ਗਏ ਸਵਾਗਤ ਲਈ ਧੰਨਵਾਦ ਕੀਤਾ |