ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਮਿਊਾਸੀਪਲ ਸਫ਼ਾਈ ਕਰਮਚਾਰੀ ਯੂਨੀਅਨ (ਰਜਿ.) ਇੰਟਕ ਦਾ ਵਫ਼ਦ ਆਪਣੀ ਮੰਗਾਂ ਸਬੰਧੀ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਮੇਅਰ ਰਾਮਪਾਲ ਉੱਪਲ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਜਾਣਕਾਰੀ ਦਿੰਦਿਆਂ ਪ੍ਰਧਾਨ ਜੋਗ ਰਾਜ, ਵਾਈਸ ਪ੍ਰਧਾਨ ਪੱਪੂ, ਨਿਤਿਨ ਸੌਂਧੀ, ਪਦਮ ਕੁਮਾਰ ਆਦਿ ਨੇ ਦੱਸਿਆ ਕਿ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਡਿਊਟੀ ਨਿਭਾਉਂਦੇ ਸਮੇਂ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੂੜੇ ਦੇ ਡੰਪ ਬੰਦ ਕਰਨ ਨਾਲ ਕਰਮਚਾਰੀਆਂ ਨੂੰ ਕੂੜਾ ਸੁੱਟਣ ਲਈ ਦੂਰ ਜਾਣਾ ਪੈਂਦਾ ਹੈ ਜਿਸ ਨਾਲ ਆਉਣ ਜਾਣ 'ਚ ਕਾਫ਼ੀ ਸਮਾਂ ਖ਼ਰਾਬ ਹੁੰਦਾ ਹੈ ਤੇ ਕਰਮਚਾਰੀਆਂ ਨੂੰ ਕੂੜਾ ਸੁੱਟਣ 'ਚ ਕਾਫ਼ੀ ਮੁਸ਼ਕਿਲ ਆਉਂਦੀ ਹੈ | ਸਫ਼ਾਈ ਕਰਮਚਾਰੀਆਂ ਪਾਸ ਰਿਕਸ਼ਾ, ਰੇਹੜਾ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਰਕੇ ਕਰਮਚਾਰੀਆਂ ਨੂੰ ਕੂੜਾ ਚੁੱਕਣ 'ਚ ਮੁਸ਼ਕਿਲ ਆਉਂਦੀ ਹੈ | ਕਰਮਚਾਰੀਆਂ ਕੋਲ ਪੂਰਾ ਸਾਮਾਨ ਨਹੀਂ ਹੈ ਤੇ ਉਨ੍ਹਾਂ ਨੂੰ ਕੰਮ ਕਰਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਫਗਵਾੜਾ ਸ਼ਹਿਰ ਨੂੰ ਨਿਗਮ ਦਾ ਦਰਜਾ ਦਿੱਤਾ ਗਿਆ ਹੈ ਜਿਸ ਕਰਕੇ ਨਗਰ ਨਿਗਮ ਦੀ ਹੱਦਬੰਦੀ ਕਾਫ਼ੀ ਵੱਧ ਗਈ ਹੈ ਤੇ ਫਗਵਾੜਾ ਨਿਗਮ ਦੇ ਵਾਰਡਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਪਰ ਸਫ਼ਾਈ ਕਰਮਚਾਰੀਆਂ ਦੀ ਗਿਣਤੀ 'ਚ ਵਾਧਾ ਨਹੀਂ ਕੀਤਾ ਗਿਆ ਹੈ ਤੇ ਇਸ ਵਕਤ 280 ਕਰਮਚਾਰੀ ਡਿਊਟੀ 'ਤੇ ਹਨ ਜਿਸ ਕਰਕੇ ਕਰਮਚਾਰੀਆਂ 'ਤੇ ਵਾਧੂ ਬੋਝ ਪੈਂਦਾ ਹੈ ਤੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਤੋਂ ਹੀ ਸਾਰਾ ਸ਼ਹਿਰ ਦਾ ਕੰਮ ਕਰਵਾਇਆ ਜਾਂਦਾ ਹੈ ਜਦਕਿ ਨਿਗਮ 'ਚ ਸਫ਼ਾਈ ਕਰਮਚਾਰੀਆਂ ਦੀ ਗਿਣਤੀ 450 ਤੱਕ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਦਾ ਕੰਮ ਸਹੀ ਹੋ ਸਕੇ ਤੇ ਕਰਮਚਾਰੀਆਂ ਉੱਪਰ ਵਾਧੂ ਬੋਝ ਨਹੀਂ ਹਟਾਇਆ ਜਾ ਸਕੇ |