ਭੁਲੱਥ, 16 ਜੂਨ (ਮਨਜੀਤ ਸਿੰਘ ਰਤਨ)-ਸਥਾਨਕ ਕਸਬਾ ਭੁਲੱਥ ਦੇ ਮੇਨ ਬਾਜ਼ਾਰ ਨਿਵਾਸੀ ਰਾਹੁਲ ਮਿਗਲਾਨੀ ਦੇ ਘਰ ਬੀਤੇ ਸਾਲ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਤੇ ਅਜੇ ਤੱਕ ਚੋਰ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹਨ | ਇਸ ਸਬੰਧੀ ਰਾਹੁਲ ਮਿਗਲਾਨੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਤੇ ਬੱਚਿਆ ਸਮੇਤ ਬੀਤੇ ਸਾਲ 6 ਜੁਲਾਈ ਨੂੰ ਅੰਮਿ੍ਤਸਰ ਵਿਖੇ ਗਿਆ ਸੀ ਤੇ ਸ਼ਾਮ ਸਮੇਂ ਉਸ ਦੀ ਮਾਤਾ ਵੀਨਾ ਮਿਗਲਾਨੀ ਘਰ 'ਚ ਇਕੱਲੀ ਸੀ ਤਾਂ ਦੋ ਨਕਾਬਪੋਸ਼ ਵਿਅਕਤੀ ਘਰ ਆਏ ਤੇ ਮੇਰੀ ਮਾਤਾ ਨੂੰ ਬੰਦੀ ਬਣਾ ਕੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਘਰ 'ਚ ਕਰੀਬ 35 ਤੋਲੇ ਸੋਨੇ ਦੇ ਗਹਿਣੇ ਤੇ 2 ਲੱਖ ਦੇ ਕਰੀਬ ਨਗਦੀ ਚੋਰੀ ਕਰਕੇ ਲੈ ਗਏ | ਜਿਸ ਤੋਂ ਬਾਅਦ ਅੱਜ ਤੱਕ ਨਾ ਤਾਂ ਚੋਰ ਪੁਲਿਸ ਵਲੋਂ ਫੜੇ ਗਏ ਤੇ ਨਾ ਹੀ ਕਿਸੇ ਪ੍ਰਕਾਰ ਦਾ ਇਨਸਾਫ਼ ਮਿਲਿਆ ਹੈ | ਰਾਹੁਲ ਦਾ ਕਹਿਣਾ ਕਿ ਮੈਂ ਪਿਛਲੇ ਇਕ ਸਾਲ ਤੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਭਟਕ ਰਿਹਾ ਹਾਂ ਤੇ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ | ਅਜਿਹੇ ਵਿਚ ਸਮੂਹ ਦੁਕਾਨਦਾਰ ਭਾਈਚਾਰਾ ਰਾਹੁਲ ਮਿਗਲਾਨੀ ਦੇ ਹੱਕ ਵਿਚ ਇਕੱਤਰ ਹੋਇਆ ਤੇ ਥਾਣਾ ਮੁਖੀ ਭੁਲੱਥ ਨਾਲ ਮੁਲਾਕਾਤ ਕਰਕੇ ਘਰ ਵਿਚ ਹੋਈ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਕੌਂਸਲਰ ਲਕਸ਼ ਚੌਧਰੀ, ਮਾਸਟਰ ਕੰਵਲਜੀਤ ਮੰਨਣ, ਵਕੀਲ ਦੀਪਕ ਦਿਨੇਸ਼ ਮੌਂਗਾ, ਅੰਤਰ ਰਾਸ਼ਟਰੀ ਪਾਵਰ ਲਿਫਟਰ ਪ੍ਰਦੀਪ ਘਈ, ਸੁਨੀਲ ਭਾਟੀਆ, ਲਵ ਚੌਧਰੀ, ਡਾ. ਪਵਨ ਢੱਲ, ਪੰਕਜ ਅਰੋੜਾ, ਅਰੁਣ ਖੁੱਲਰ, ਤਰੁਣ ਅਰੋੜਾ, ਸੋਨੂੰ, ਸ਼ੈਲੀ ਸੇਠੀ, ਨਵੀਨ ਅਰੋੜਾ, ਰਾਮ ਰਤਨ ਸ਼ਰਮਾ, ਨਰੇਸ਼ ਨੰਦਾ, ਰਿੱਕੀ, ਅਮਨ ਤੇ ਹੋਰ ਦੁਕਾਨਦਾਰ ਹਾਜ਼ਰ ਸਨ |
ਘਰ ਵਿਚ ਹੋਈ ਚੋਰੀ ਦੇ ਇਨਸਾਫ਼ ਲਈ ਪੀੜਤ ਦੇ ਹੱਕ 'ਚ ਦੁਕਾਨਦਾਰ ਭਾਈਚਾਰਾ ਪੁੱਜਾ ਥਾਣੇ
ਅਜੀਤ ਡੈਸਕ
17-06-2025