ਕਪੂਰਥਲਾ, 16 ਜੂਨ (ਅਮਰਜੀਤ ਕੋਮਲ)-ਕੁਦਰਤ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਦਰਤੀ ਫ਼ੋਟੋਗਰਾਫ਼ੀ ਦਿਵਸ 'ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਜੰਮੂ ਯੂਨੀਵਰਸਿਟੀ ਦੇ ਮਸ਼ਹੂਰ ਈਕੋ ਫ਼ੋਟੋਗਰਾਫ਼ਰ ਡਾ. ਪਰਮਲ ਕੁਮਾਰ ਵਲੋਂ ਕੁਦਰਤੀ ਨਜ਼ਾਰਿਆਂ ਦੇ ਖ਼ੂਬਸੂਰਤ ਦਿ੍ਸ਼ ਦਰਸਾਉਂਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਫ਼ੋਟੋਗਰਾਫ਼ੀ ਦਿਵਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਹ ਦਿਵਸ ਹਰ ਸਾਲ ਕੁਦਰਤੀ ਨਜ਼ਾਰਿਆਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫ਼ੋਟੋਗਰਾਫ਼ੀ ਇਕ ਅਜਿਹੀ ਸ਼ਾਨਦਾਰ ਕਲਾ ਹੈ, ਜੋ ਸਾਨੂੰ ਕੁਦਰਤੀ ਦੁਨੀਆ ਦੀ ਨਾਜ਼ੁਕਤਾ ਤੇ ਕੋਮਲਤਾ ਨੂੰ ਦਰਸਾਉਣ ਤੇ ਸਾਂਝਾ ਕਰਨ ਦੇ ਯੋਗ ਬਣਾਉਂਦੀ ਹੈ | ਉਨ੍ਹਾਂ ਕਿਹਾ ਕਿ ਫ਼ੋਟੋਗਰਾਫ਼ੀ ਦਾ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਰੋਲ ਹੈ | ਡਾ. ਗਰੋਵਰ ਨੇ ਕਿਹਾ ਕਿ ਇਸ ਸਮੇਂ ਕੁਦਰਤੀ ਸਾਂਭ ਸੰਭਾਲ ਤੇ ਮਨੁੱਖੀ ਕਾਰਵਾਈਆਂ ਦੇ ਵਾਤਾਵਰਣ 'ਤੇ ਪੈ ਰਹੇ ਪ੍ਰਭਾਵ ਦੇ ਅਧਿਐਨ ਅਤੇ ਪੜਚੋਲ ਲਈ ਕੁਦਰਤੀ ਫ਼ੋਟੋਗਰਾਫ਼ੀ ਦੀ ਅਹਿਮ ਭੂਮਿਕਾ ਹੈ | ਉਨ੍ਹਾਂ ਕਿਹਾ ਕਿ ਮਨੁੱਖ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕੁਦਰਤੀ ਖੇਤਰਾਂ 'ਤੇ ਕਬਜ਼ੇ ਕਰਕੇ ਉਨ੍ਹਾਂ ਨੂੰ ਤਬਾਹ ਕਰ ਰਿਹਾ ਹੈ ਤੇ ਮਨੁੱਖ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕੁਦਰਤ 'ਤੇ ਲਗਾਤਾਰ ਮਾੜੇ ਪ੍ਰਭਾਵ ਪਾ ਰਹੀਆਂ ਹਨ | ਸਾਇੰਸ ਸਿਟੀ ਦੇ ਡਾਇਰੈਕਟਰ ਨੇ ਕਿਹਾ ਕਿ ਫ਼ੋਟੋਗਰਾਫ਼ੀ ਦੇ ਜ਼ਰੀਏ ਅਸੀਂ ਮੁੜ ਤੋਂ ਫ਼ੋਟੋਗਰਾਫ਼ੀ ਨਾਲ ਜੁੜ ਕੇ ਵਾਤਾਵਰਨ ਦੀ ਬਹਾਲੀ ਤੇ ਜੈਵ ਵਿਭਿੰਨਤਾ ਦੀ ਰੱਖਿਆ ਲਈ ਯਤਨ ਕਰ ਸਕਦੇ ਹਾਂ | ਉਨ੍ਹਾਂ ਪ੍ਰਦਰਸ਼ਨੀ ਰਾਹੀਂ ਸਾਇੰਸ ਸਿਟੀ ਵਲੋਂ ਸੈਲਾਨੀਆਂ ਨੂੰ ਆਪਣੇ ਆਲੇ ਦੁਆਲੇ ਦੇ ਕੁਦਰਤੀ ਨਜ਼ਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕੀਤਾ |