ਸੁਭਾਨਪੁਰ, 17 ਜੂਨ (ਸਤਨਾਮ ਸਿੰਘ)-ਐਸ.ਐਸ.ਪੀ. ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਕਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਕਥਿਤ ਤੌਰ 'ਤੇ 20 ਗ੍ਰਾਮ ਹੈਰੋਇਨ ਤੇ 1 ਲੱਖ 4 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦੀ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ | ਐਸ.ਐਚ.ਓ. ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਏ.ਐਸ.ਆਈ. ਸੁਖਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਪਹਾੜੀਪੁਰ, ਬੂਟ, ਬਾਦਸ਼ਾਹਪੁਰ ਤੇ ਨਿਜ਼ਾਮਪੁਰ ਮੋੜ ਦੇ ਨਜ਼ਦੀਕ ਮੌਜੂਦ ਸਨ ਤਾਂ ਜੂਪੀਟਰ ਸਕੂਟਰੀ ਨੰਬਰ ਪੀ.ਬੀ. 41 ਡੀ. 2870 'ਤੇ ਸਵਾਰ ਹੋ ਕੇ ਇੱਕ ਔਰਤ ਤੇ ਇੱਕ ਨੌਜਵਾਨ ਵਿਅਕਤੀ ਆਉਂਦੇ ਦਿਖਾਈ ਦਿੱਤੇ | ਸ਼ੱਕ ਪੈਣ 'ਤੇ ਇਨ੍ਹਾਂ ਦੋਵਾਂ ਨੂੰ ਰੋਕ ਕੇ ਲੇਡੀਜ਼ ਪੁਲਿਸ ਦੀ ਮਦਦ ਨਾਲ ਜਦੋਂ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੇ ਕਬਜ਼ੇ 'ਚੋਂ 1 ਲੱਖ 4 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 20 ਗ੍ਰਾਮ ਹੈਰੋਇਨ ਬਰਾਮਦ ਹੋਈ | ਥਾਣਾ ਮੁਖੀ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਔਰਤ ਸਮੇਤ ਕਾਬੂ ਕੀਤੇ ਗਏ ਵਿਅਕਤੀ ਦਾ ਆਪਸ ਵਿਚ ਸਾਲੀ ਤੇ ਜੀਜੇ ਦਾ ਰਿਸ਼ਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਆਪਣਾ ਨਾਂਅ ਤੇ ਪਤਾ ਗੁਰਦੀਪ ਸਿੰਘ ਉਰਫ਼ ਮੰਗਾ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਤੇ ਨਿੰਦਰ ਕੌਰ ਉਰਫ਼ ਨਿੰਦਰੀ ਪੁੱਤਰੀ ਜਿਊਣਾ ਸਿੰਘ ਵਾਸੀ ਪਿੰਡ ਤੋਤੀ ਥਾਣਾ ਸੁਲਤਾਨਪੁਰ ਲੋਧੀ ਦੱਸਿਆ | ਦੋਨਾਂ ਜਣਿਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ | ਜਿੱਥੇ ਮਾਨਯੋਗ ਅਦਾਲਤ ਨੇ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ | ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਹੈ ਤੇ ਕਿਸ ਨੂੰ ਦੇਣ ਜਾ ਰਹੇ ਸੀ | ਥਾਣਾ ਮੁਖੀ ਨੇ ਦੱਸਿਆ ਕੇ ਇਨ੍ਹਾਂ ਦੋਨਾਂ ਕਥਿਤ ਦੋਸ਼ੀਆਂ ਕੋਲੋਂ ਜੋ 1 ਲੱਖ 4 ਹਜ਼ਾਰ ਰੁਪਏ ਦੀ ਡਰੱਗ ਮਣੀ ਬਰਾਮਦ ਹੋਈ ਹੈ | ਉਹ ਵੀ ਨਸ਼ੀਲੇ ਪਦਾਰਥ ਵੇਚ ਕੇ ਇਨ੍ਹਾਂ ਵਲੋਂ ਕਮਾਈ ਗਈ ਰਕਮ ਹੈ |