ਭੁਲੱਥ, 17 ਜੂਨ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਪੀਰ ਮਾਫ਼ੀ ਵਾਲਾ ਖੂਹ ਦੀ ਦਰਗਾਹ 'ਤੇ ਸਾਲਾਨਾ ਮੇਲਾ 19 ਜੂਨ ਦਿਨ ਵੀਰਵਾਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ 'ਤੇ ਸਭ ਤੋਂ ਪਹਿਲਾਂ ਦਰਗਾਹ 'ਤੇ ਝੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਜਾਏਗੀ, ਉਪਰੰਤ ਖੁੱਲੇ੍ਹ ਪੰਡਾਲ 'ਚ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ 'ਚ ਪ੍ਰਸਿੱਧ ਗਾਇਕ ਬਾਗੀ ਤੇ ਹੋਰ ਨਾਮਵਰ ਗਾਇਕ ਆਪੋ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੇਲੇ 'ਚ ਹਰਸਿਮਰਨਜੀਤ ਸਿੰਘ ਘੁੰਮਣ ਇੰਚਾਰਜ ਹਲਕਾ ਭੁਲੱਥ, ਗੁਰਮੀਤ ਸਿੰਘ ਮਾਨ ਐਸ.ਡੀ.ਐਮ., ਪ੍ਰਦੀਪ ਘਈ ਜਨਰਲ ਸਕੱਤਰ ਕਿਸਾਨ ਸੈੱਲ ਪੰਜਾਬ ਅਤੇ ਪ੍ਰੀਤਮ ਸਿੰਘ ਚੀਮਾ ਸਰਪੰਚ ਦਮੂਲੀਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਤੇ ਹੋਰ ਮੋਹਤਬਰ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ |