ਕਪੂਰਥਲਾ, 17 ਜੂਨ (ਸਡਾਨਾ)-ਸੀ.ਆਈ.ਏ ਸਟਾਫ਼ ਦੀ ਟੀਮ ਨੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਡੀ. ਪਰਮਿੰਦਰ ਸਿੰਘ ਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਗਸ਼ਤ ਦੌਰਾਨ ਪਿੰਡ ਝੱਲ ਠੀਕਰੀਵਾਲ ਨੇੜੇ ਕਾਰ ਸਵਾਰ ਕਥਿਤ ਦੋਸ਼ੀਆਂ ਨਵਾਬ ਸਿੰਘ ਤੇ ਲਵਪ੍ਰੀਤ ਸਿੰਘ ਵਾਸੀਆਨ ਜ਼ਿਲ੍ਹਾ ਅੰਮਿ੍ਤਸਰ ਨੂੰ ਕਾਬੂ ਕਰਕੇ ਇਨ੍ਹਾਂ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀਆਂ ਪਾਸੋਂ 180 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ ਤਹਿਤ ਉਕਤ ਦੋਵਾਂ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਵਾਂ ਕਥਿਤ ਦੋਸ਼ੀਆਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ |