ਕਪੂਰਥਲਾ, 18 ਜੂਨ (ਵਿ.ਪ੍ਰ.)-ਕਪੂਰਥਲਾ-ਗੋਇੰਦਵਾਲ ਸਾਹਿਬ ਮਾਰਗ 'ਤੇ ਸਥਿਤ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਵਿਚਲੀ ਇਕ ਗਲੀ ਦਾ ਸੀਵਰੇਜ ਦਾ ਪਾਈਪ ਇਕ ਅਸਰ ਰਸੂਖ਼ ਵਾਲੇ ਵਿਅਕਤੀ ਦੇ ਕਰੀਬੀ ਰਿਸ਼ਤੇਦਾਰਾਂ ਵਲੋਂ ਤੋੜੇ ਜਾਣ ਤੋਂ ਬਾਅਦ ਸੀਵਰੇਜ ਦੇ ਗੰਦੇ ਪਾਣੀ ਕਾਰਨ ਗਲੀ ਨਰਕ ਦਾ ਰੂਪ ਧਾਰਨ ਕਰ ਰਹੀ ਹੈ | ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਇਸ ਮਸਲੇ ਦਾ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ ਤੇ ਹੁਣ ਜਦੋਂ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਤਾਂ ਇਸ ਨਗਰ ਦੇ ਲੋਕ ਬਿਮਾਰੀ ਫੈਲਣ ਦਾ ਖ਼ਦਸ਼ਾ ਜ਼ਾਹਿਰ ਕਰ ਰਹੇ ਹਨ | ਜਾਣਕਾਰੀ ਦਿੰਦਿਆਂ ਸਾਹਿਬਜ਼ਾਦਾ ਨਗਰ ਦੇ ਵਾਸੀ ਰਸ਼ਪਾਲ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਪਰਵਿੰਦਰ ਕੌਰ, ਜਸਵੀਰ ਕੌਰ, ਅਮਨਦੀਪ ਕੌਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਵਲੋਂ ਸੀਵਰੇਜ ਦਾ ਪਾਈਪ ਤੋੜ ਦਿੱਤਾ ਗਿਆ ਹੈ, ਹੁਣ ਨਾ ਤਾਂ ਸਬੰਧਿਤ ਵਿਅਕਤੀ ਸੀਵਰੇਜ ਦਾ ਪਾਈਪ ਪਾ ਰਿਹਾ ਹੈ ਤੇ ਨਾ ਹੀ ਕਿਸੇ ਹੋਰ ਨੂੰ ਪਾਉਣ ਦੇ ਰਿਹਾ ਹੈ, ਜਿਸ ਕਾਰਨ ਸੀਵਰੇਜ ਦੇ ਗੰਦੇ ਪਾਣੀ ਕਾਰਨ ਗਲੀ ਛੱਪੜ ਬਣਦੀ ਜਾ ਰਹੀ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਇਕ ਲਿਖ਼ਤੀ ਦਰਖਾਸਤ ਵੀ ਦਿੱਤੀ, ਜਾ ਚੁੱਕੀ ਹੈ ਪ੍ਰੰਤੂ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਪੁਲਿਸ ਕਹਿ ਰਹੀ ਹੈ ਕਿ ਉਕਤ ਖੇਤਰ ਉਨ੍ਹਾਂ ਦੀ ਹਦੂਦ ਵਿਚ ਨਹੀਂ ਆਉਂਦਾ | ਇਸ ਸਬੰਧੀ ਮੁਹੱਲਾ ਵਾਸੀ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਨੂੰ ਮਿਲ ਕੇ ਲਿਖ਼ਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜੇਕਰ ਉਹ ਥਾਣਾ ਸਿਟੀ ਕਪੂਰਥਲਾ ਕੋਲ ਇਹ ਸਮੱਸਿਆ ਲੈ ਕੇ ਜਾਂਦੇ ਹਨ ਤਾਂ ਥਾਣੇ ਵਾਲੇ ਇਹ ਜਵਾਬ ਦਿੰਦੇ ਹਨ ਕਿ ਤੁਹਾਡਾ ਏਰੀਆ ਥਾਣੇ ਦੀ ਹੱਦ ਤੋਂ ਬਾਹਰ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲੀ 'ਚ ਟੁੱਟੇ ਹੋਏ ਸੀਵਰੇਜ ਦੀ ਮੁਰੰਮਤ ਕਰਵਾ ਕੇ ਲੋਕਾਂ ਦੀ ਇਹ ਸਮੱਸਿਆ ਹੱਲ ਕੀਤੀ ਜਾਵੇ | ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਕਪੂਰਥਲਾ-ਗੋਇੰਦਵਾਲ ਸਾਹਿਬ ਮਾਰਗ 'ਤੇ ਧਰਨਾ ਲਾਉਣ ਲਈ ਮਜਬੂਰ ਹੋਣਗੇ |