ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਦਰਬਾਰ ਪੀਰ ਬਾਬਾ ਬਾਵਾ ਖ਼ਾਨ ਦਾ ਸਾਲਾਨਾ ਜੋੜ ਮੇਲਾ 20 ਅਤੇ 21 ਜੂਨ ਨੂੰ ਪਿੰਡ ਰਾਣੀਪੁਰ ਦਰਬਾਰ ਬਾਬਾ ਬਾਵਾ ਖ਼ਾਨ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਤੋਂ ਇਲਾਵਾ ਐਨ.ਆਰ.ਆਈ. ਵੀਰਾਂ ਦੇ ਵਡਮੁੱਲੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੇਲੇ ਦਾ ਪੋਸਟਰ ਪ੍ਰਬੰਧਕਾਂ ਵਲੋਂ ਰਿਲੀਜ਼ ਕੀਤਾ ਗਿਆ | ਮੇਲੇ ਦੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਤਰਲੋਚਨ ਸਿੰਘ ਉਰਫ਼ ਪੰਮਾ ਪਹਿਲਵਾਨ ਨੇ ਦੱਸਿਆ ਕਿ 20 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਝੰਡੇ ਅਤੇ ਚਿਰਾਗ਼ਾਂ ਦੀ ਰਸਮ ਅਦਾ ਕੀਤੀ ਜਾਵੇਗੀ | ਇਸੇ ਦਿਨ ਕਰਾਮਤ ਅਲੀ ਫ਼ਕੀਰ ਮਲੇਰਕੋਟਲਾ ਵਾਲੇ, ਕਸ਼ਮੀਰ ਬੌਬੀ ਕੱਵਾਲ ਮਜਾਰੀ ਵਾਲੇ, ਨੱਕਾਲ ਤੇ ਲਗੋਜੇ ਪਾਰਟੀ ਆਦਿ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 20 ਜੂਨ ਨੂੰ ਚਾਦਰ ਦੀ ਰਸਮ ਸਵੇਰੇ 8 ਵਜੇ ਹੋਵੇਗੀ | ਉਪਰੰਤ ਧਾਰਮਿਕ ਅਤੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ | ਰਾਤ ਨੂੰ 8 ਵਜੇ ਧਾਰਮਿਕ ਡਰਾਮਾ ਧਰਮਵੀਰ ਪਰਦੇਸੀ ਐਂਡ ਪਾਰਟੀ ਵਲੋਂ ਪੇਸ਼ ਕੀਤਾ ਜਾਵੇਗਾ | ਪ੍ਰਧਾਨ ਨੇ ਦੱਸਿਆ ਕਿ ਅਸਥਾਨ ਵਿਖੇ ਅੱਠ ਦਿਨ ਲਗਾਤਾਰ ਲੰਗਰ ਜਾਰੀ ਰਹਿਣਗੇ | ਇਸ ਮੌਕੇ 'ਤੇ ਠੰਡੇ ਮਿੱਠੇ ਜਲ ਦੀ ਸੇਵਾ ਤੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਸਤਵਿੰਦਰ ਸਿੰਘ ਬੰਟੀ ਵਾਲੀਆ, ਜੱਸਾ ਰਾਣੀਪੁਰ, ਲਛਮਣ ਸਿੰਘ, ਬਾਬਾ ਨਿੰਦਰਪਾਲ ਤੋਂ ਇਲਾਵਾ ਕਲੇਰਾ ਮੁਹੱਲੇ ਦੇ ਸਮੂਹ ਨੌਜਵਾਨ ਹਾਜ਼ਰ ਸਨ |