ਕਪੂਰਥਲਾ, 18 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਸ਼ੇਖੂਪੁਰ ਵਿਖੇ ਇਕ ਮਹਿੰਗੇ ਨਸਲ ਦੇ ਕੁੱਤੇ 'ਤੇ ਮਾਲਕਾਣਾ ਹੱਕ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖਲ ਕਰਵਾਇਆ | ਜੇਰੇ ਇਲਾਜ ਜਤਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸ਼ੇਖੂਪੁਰ ਤੇ ਬਲਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਦੂਲੋਵਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਸਿਟਯੂ ਨਸਲ ਦਾ ਕੁੱਤਾ ਹੈ ਜੋ ਕਿ ਉਨ੍ਹਾਂ ਕੋਲ ਕਾਫ਼ੀ ਸਮੇਂ ਤੋਂ ਹੈ | ਅੱਜ ਕੁੱਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਆਏ ਤੇ ਉਨ੍ਹਾਂ ਨੇ ਸਾਡਾ ਕੁੱਤਾ ਦੇਖ ਕੇ ਕਹਿਣ ਲੱਗੇ ਇਹ ਕੁੱਤਾ ਸਾਡਾ ਹੈ, ਜਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਕੁੱਤਾ ਸਾਡੇ ਕੋਲ ਲੰਬੇ ਸਮੇਂ ਤੋਂ ਹੈ ਅਤੇ ਅਸੀਂ ਇਹ ਕੁੱਤਾ ਖ਼ਰੀਦਿਆ ਹੈ | ਇਸ ਦੌਰਾਨ ਉਨ੍ਹਾਂ ਨੇ ਕੁੱਝ ਵਿਅਕਤੀਆਂ ਨੂੰ ਸੱਦਿਆ 'ਤੇ ਸਾਡੇ 'ਤੇ ਹਮਲਾ ਕਰਕੇ ਸਾਨੂੰ ਜ਼ਖਮੀ ਕਰ ਦਿੱਤਾ ਤੇ ਸਾਡੇ ਘਰ ਦੀ ਵੀ ਤੋੜ-ਭੰਨ ਕੀਤੀ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਅਸ਼ੀਸ਼ਪਾਲ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |