08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੇ ਮਾਮਲੇ 'ਚ 2 ਸੁਨਿਆਰਿਆਂ ਸਮੇਤ 4 ਗਿ੍ਫ਼ਤਾਰ

ਅਜੀਤ ਡੈਸਕ 20-06-2025
ਕਪੂਰਥਲਾ, 19 ਜੂਨ (ਅਮਰਜੀਤ ਸਿੰਘ ਸਡਾਨਾ)-ਬੀਤੇ 10 ਦਿਨ ਪਹਿਲਾਂ ਸਰਾਫ਼ਾਂ ਬਾਜ਼ਾਰ ਵਿਖੇ ਇਕ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਸੋਨਾ, ਨਗਦੀ ਤੇ ਚਾਂਦੀ ਦੇ ਗਹਿਣੇ ਆਦਿ ਚੋਰੀ ਕਰਨ ਦੀ ਵਾਪਰੀ ਘਟਨਾ ਨੂੰ ਹੱਲ ਕਰਦਿਆਂ ਕਪੂਰਥਲਾ ਪੁਲਿਸ ਨੇ ਇਸ ਮਾਮਲੇ 'ਚ ਫ਼ਿਰੋਜ਼ਪੁਰ ਨਾਲ ਸਬੰਧਿਤ 4 ਵਿਅਕਤੀਆਂ ਨੂੰ ਨਗਦੀ ਤੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਬੀਤੀ 8 ਜੂਨ ਦੀ ਸਵੇਰ ਕਰੀਬ 4 ਵਜੇ ਕਾਰ ਸਵਾਰ ਲੁਟੇਰਿਆਂ ਨੇ ਚੌਂਕੀਦਾਰ ਨੂੰ ਧਮਕਾ ਕੇ ਇਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜਿਆ ਤੇ ਉਸ ਦੀ ਤਿਜੋਰੀ ਅਤੇ ਦੁਕਾਨ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ਸਿਟੀ ਵਿਖੇ ਦੁਕਾਨਦਾਰ ਅਜੇ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਨ ਉਪਰੰਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਤੇ ਮਨੁੱਖੀ ਵਸੀਲਿਆਂ ਦੀ ਮਦਦ ਲੈਂਦੇ ਹੋਏ ਕਥਿਤ ਦੋਸ਼ੀ ਜੌਨੀ ਉਰਫ਼ ਰਾਜੂ ਵਾਸੀ ਫ਼ਿਰੋਜ਼ਪੁਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਤੋਂ ਗਿ੍ਫ਼ਤਾਰ ਕੀਤਾ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪੁੱਛਗਿੱਛ ਉਪਰੰਤ ਕਥਿਤ ਦੋਸ਼ੀ ਅਮਨਦੀਪ ਸਿੰਘ ਨੂੰ ਬੀਤੀ 17 ਜੂਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਵਾਰਦਾਤ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ | ਐਸ.ਐਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਜੌਨੀ ਉਰਫ਼ ਰਾਜੂ ਦੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਚੋਰੀਸ਼ੁਦਾ ਸੋਨਾ ਤੇ ਚਾਂਦੀ ਉਸ ਨੇ ਫ਼ਿਰੋਜ਼ਪੁਰ ਦੇ ਨਾਲ ਸਬੰਧਿਤ ਸੁਨਿਆਰੇ ਧਰਮਪਾਲ ਉਰਫ਼ ਧਰਮਾਂ ਵਾਸੀ ਮੱਲਾਂਵਾਲਾ ਫ਼ਿਰੋਜ਼ਪੁਰ ਤੇ ਸੁਨਿਆਰੇ ਰਾਹੁਲ ਸ਼ਰਮਾ ਜੋ ਕਿ ਧਰਮਪਾਲ ਦਾ ਹੀ ਪੁੱਤਰ ਹੈ | ਇਨ੍ਹਾਂ ਨੂੰ ਵੇਚੀ ਸੀ | ਜਿਸ ਦੇ ਆਧਾਰ 'ਤੇ ਪੁਲਿਸ ਨੇ ਇਨ੍ਹਾਂ ਦੋਵਾਂ ਪਿਉ ਪੁੱਤਰਾਂ ਨੂੰ ਗਿ੍ਫ਼ਤਾਰ ਕੀਤਾ ਤੇ ਤਫ਼ਤੀਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋਂ 8 ਲੱਖ ਰੁਪਏ ਨਗਦੀ, ਤਿੰਨ ਕਿੱਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਤੇ ਇਕ ਕਾਰ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਵਿਅਕਤੀਆਂ ਦਾ ਪੁਲਿਸ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਐਸ.ਐਸ.ਪੀ. ਅਨੁਸਾਰ ਗਿ੍ਫ਼ਤਾਰ ਕੀਤਾ ਗਿਆ ਕਥਿਤ ਦੋਸ਼ੀ ਜੌਨੀ ਉਰਫ਼ ਰਾਜੂ ਚੋਰੀਆਂ ਕਰਨ ਦਾ ਆਦੀ ਹੈ ਤੇ ਉਸ ਵਿਰੁੱਧ ਸਾਲ 2014 ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਬਠਿੰਡਾ, ਲੁਧਿਆਣਾ, ਬਰਨਾਲਾ, ਸਿਰਸਾ, ਸੰਗਰੂਰ, ਫ਼ਤਿਹਾਬਾਦ, ਕੈਥਲ, ਬਟਾਲਾ, ਫ਼ਰੀਦਕੋਟ, ਅੰਮਿ੍ਤਸਰ, ਸ੍ਰੀ ਮੁਕਤਸਰ ਸਾਹਿਬ ਤੇ ਕਪੂਰਥਲਾ ਵਿਖੇ ਚੋਰੀਆਂ ਦੇ ਕਰੀਬ 20 ਮਾਮਲੇ ਦਰਜ ਹਨ ਤੇ ਅਮਨਦੀਪ ਸਿੰਘ ਉਰਫ਼ ਅਮਰ ਵਿਰੁੱਧ ਥਾਣਾ ਫ਼ਿਰੋਜ਼ਪੁਰ ਵਿਖੇ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੇ ਫ਼ਰਾਰ ਸਾਥੀਆਂ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਐਸ.ਪੀ.ਡੀ. ਪ੍ਰਭਜੋਤ ਸਿੰਘ ਵਿਰਕ, ਡੀ.ਐਸ.ਪੀ.ਡੀ. ਪਰਮਿੰਦਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਦੀਪਕਰਨ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਜਰਨੈਲ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਬਿਕਰਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਵਿਕਾਸ ਯੋਜਨਾਵਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ-ਡ... ਅਗਲੀ ਖ਼ਬਰ ਰੋਟੀ ਭਾਵੇਂ ਇਕ ਡੰਗ ਖਾਵੋ, ਪਰ ਬੱਚਿਆਂ ਨੂੰ ਜ਼ਰੂਰ ਪੜ੍ਹਾਵੋ- ਜੱਜ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।