ਭੁਲੱਥ, 19 ਜੂਨ (ਮਨਜੀਤ ਸਿੰਘ ਰਤਨ)-ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਗਰ ਨਿਵਾਸੀ ਆਪਣੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਦਾ ਲਾਹਾ ਲੈ ਸਕਦੇ ਹਨ ਤੇ ਇਸ ਦੇ ਮੱਦੇਨਜ਼ਰ ਦਫ਼ਤਰ ਨਗਰ ਪੰਚਾਇਤ ਭੁਲੱਥ ਵਲੋਂ 20 ਜੂਨ ਦਿਨ ਸ਼ੁੱਕਰਵਾਰ ਨੂੰ ਲੋਕ ਸੇਵਾ ਕੈਂਪ ਲਗਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਦੱਸਿਆ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਆਦੇਸ਼ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਖ਼ਾਸ ਇਸ ਯੋਜਨਾ ਸਬੰਧੀ ਨਗਰ ਪੰਚਾਇਤ ਦਫ਼ਤਰ ਭੁਲੱਥ ਵਿਖੇ ਲੋਕ ਸੇਵਾ ਕੈਂਪ ਲਗਾਉਣ ਲਈ ਵਿਸ਼ੇਸ਼ ਟੀਮ ਗਠਨ ਕੀਤੀ ਗਈ ਹੈ ਜੋ ਅੱਜ ਸਵੇਰੇ 10 ਵਜੇ ਤੋਂ 4 ਵਜੇ ਤੱਕ ਲੋਕ ਸੇਵਾ ਲਈ ਹਾਜ਼ਰ ਰਹਿਣਗੇ | ਉਨ੍ਹਾਂ ਦੱਸਿਆ ਕਿ ਜਿਸ ਮਕਾਨ ਸਬੰਧੀ ਯੋਜਨਾ ਤਹਿਤ ਲਾਭ ਲੈਣਾ ਹੋਵੇ ਉਸਦਾ ਅਸਲ ਮਾਲਕ ਤੇ ਅਸਲ ਦਸਤਾਵੇਜ਼ ਰਜਿਸਟਰੀ, ਫ਼ਰਦ ਆਦਿ ਸਮੇਤ ਬੈਂਕ ਪਾਸ ਬੁੱਕ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਸ਼ਨਾਖ਼ਤੀ ਕਾਰਡ, ਮਾਲਕ ਦੀ ਪਾਸਪੋਰਟ ਸਾਇਜ਼ ਫੋਟੋ ਤੇ ਮਕਾਨ ਦੀ ਫੋਟੋ, ਆਮਦਨ ਸਰਟੀਫਿਕੇਟ, ਬਿਜਲੀ ਪਾਣੀ ਸੀਵਰੇਜ ਬਿਲ ਤੇ ਮਕਾਨ ਦਾ ਨਕਸ਼ਾ ਲੈ ਕੇ ਦਫ਼ਤਰ ਨਗਰ ਪੰਚਾਇਤ ਪੁੱਜਣ ਜਦ ਕਿ ਲਾਲ ਲਕੀਰ ਚ 'ਆਉਂਦੇ ਮਕਾਨ ਮਾਲਕ ਲਾਲ ਲਕੀਰ ਨਾਲ ਸਬੰਧਿਤ ਘੋਸ਼ਣਾ ਤਸਦੀਕ ਕਰਵਾ ਨਾਲ ਸ਼ਾਮਲ ਕਰ ਸਕਦੇ ਹਨ |