ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)-ਪਿੰਡ ਹਰਦਾਸਪੁਰ ਵਿਖੇ ਦੋ ਧਿਰਾਂ ਵਿਚਕਾਰ ਗੱਲਬਾਤ ਦੌਰਾਨ ਗੋਲੀ ਚੱਲਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਹਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਉਸਦੇ ਦੋ ਲੜਕੇ ਹਨ | 27 ਨਵੰਬਰ 2024 ਨੂੰ ਉਸਦੇ ਪਿੰਡ ਦੇ ਮਨਜੀਤ ਸਿੰਘ ਨੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਸੀ, ਉਸ ਸਮੇਂ ਗ੍ਰੰਥੀ ਮਨਵੀਰ ਸਿੰਘ ਤੇ ਗੁਰਦੀਪ ਸਿੰਘ ਨੇ ਮੈਨੂੰ ਮੇਰੇ ਘਰ ਆ ਕੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1429 ਤੇ 1430 'ਚ ਮੌਜੂਦ ਨਹੀਂ ਹਨ ਜਿਸ ਸਬੰਧੀ ਉਹ ਹਰਨੇਕ ਸਿੰਘ ਦੇ ਘਰ ਮਨਵੀਰ ਸਿੰਘ ਨਾਲ ਪੁੱਜਾ ਤੇ ਇਸ ਬਾਰੇ ਦੱਸਿਆ ਤੇ ਮਨਵੀਰ ਸਿੰਘ ਦੀ ਵੀਡੀਓ ਬਣਾਈ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਖਵਿੰਦਰ ਸਿੰਘ ਨੂੰ ਜਾਣੂ ਕਰਵਾਇਆ ਗਿਆ | ਅੱਗੋਂ ਗ੍ਰੰਥੀ ਵਲੋਂ ਟਾਲ ਮਟੋਲ ਕਰ ਦਿੱਤਾ ਗਿਆ | ਜਿਸ ਉਪਰੰਤ ਕਮੇਟੀ ਵਲੋਂ ਦੋਨਾਂ ਪਾਰਟੀਆਂ ਨੂੰ ਬਿਠਾਇਆ ਗਿਆ ਜਿਸ ਦੌਰਾਨ ਇਹ ਹੱਥੋਪਾਈ ਹੁੰਦੇ ਹੋਏ ਗੁਰਦੁਆਰਾ ਸਾਹਿਬ ਦੇ ਵਰਾਂਡੇ 'ਚ ਆ ਗਏ ਜਿਸ ਦੌਰਾਨ ਜਾਨਲੇਵਾ ਹਮਲੇ 'ਚ ਅਚਾਨਕ ਗੋਲੀ ਚੱਲ ਗਈ | ਜਿਸ 'ਚ ਉਸਦਾ ਲੜਕਾ ਜਸਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ | ਜਿਸ ਸਬੰਧ 'ਚ ਪੁਲਿਸ ਨੇ ਬਾਬਾ ਜਤਿੰਦਰ ਸਿੰਘ ਵਾਸੀ ਡੇਰਾ ਮੁਖੀ ਗੁਰਦੁਆਰਾ ਪਿਪਲੀ ਹਰਦਾਸਪੁਰ, ਪਿ੍ਤਪਾਲ ਸਿੰਘ ਉਰਫ਼ ਮਹਾਕਾਲ ਨਿਹੰਗ ਵਾਸੀ ਪਿੰਡ ਤੱਲਣ ਰਾਮਾਮੰਡੀ, ਮਲਕੀਤ ਸਿੰਘ ਨਿਹੰਗ ਵਾਸੀ ਗੜ੍ਹਸ਼ੰਕਰ ਹੁਸ਼ਿਆਰਪੁਰ, ਹਰਜਿੰਦਰ ਸਿੰਘ ਬੱਦਲ ਵਾਸੀ ਸਤਨਾਮਪੁਰਾ, ਬਿੰਦਰੀ ਵਾਸੀ ਹਰਦਾਸਪੁਰ, ਬਾਬਾ ਗੁਰਦੇਵ ਸਿੰਘ ਵਾਸੀ ਪਿੰਡ ਛੋਟਾ ਬਿਜਵਾਲਾ, ਰਣਜੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਗੜ੍ਹਸ਼ੰਕਰ, ਧਰਮਵੀਰ ਪੁੱਤਰ ਸੁਰਜੀਤ ਕੁਮਾਰ ਵਾਸੀ ਗੜ੍ਹਸ਼ੰਕਰ ਖ਼ਿਲਾਫ਼ ਕੇਸ ਦਰਜ ਕਰਕੇ ਧਰਮਵੀਰ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ |