ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਡੱਡਲ ਮੁਹੱਲਾ ਵਿਖੇ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਜ਼ਿਲ੍ਹਾ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਲੁਬਾਣਾ ਤੇ ਜੋਗਿੰਦਰ ਸਿੰਘ ਮਾਨ ਨੇ ਸਾਂਝੇ ਤੌਰ 'ਤੇ ਕੀਤਾ | ਇਹ ਪ੍ਰੋਜੈਕਟ ਲਗਭਗ 20 ਲੱਖ ਦੀ ਲਾਗਤ ਨਾਲ ਪੂਰਾ ਹੋ ਰਿਹਾ ਹੈ, ਜੋ ਕਿ ਇਲਾਕੇ 'ਚ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਡੱਡਲ ਮੁਹੱਲਾ, ਸੰਧੂਰਾ ਦੇਵੀ, ਪੂਰਬੀਆ ਮੁਹੱਲਾ ਤੇ ਨੇੜਲੇ ਇਲਾਕਿਆਂ ਦੇ ਨਿਵਾਸੀ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਸਨ | ਇਸ ਗੰਭੀਰ ਸਮੱਸਿਆ ਦਾ ਟਿਕਾਊ ਹੱਲ ਲੱਭਣ ਲਈ ਪ੍ਰਸ਼ਾਸਨ ਵਲੋਂ ਡੱਡਲ ਮੁਹੱਲਾ, ਸੰਧੂਰਾ ਦੇਵੀ, ਗੁਜਰਾਤੀਆਂ ਮੁਹੱਲਾ ਤੇ ਪੁਰਾਣੀ ਤਹਿਸੀਲ ਸਮੇਤ ਕੁੱਲ 4 ਨਵੇਂ ਟਿਊਬਵੈੱਲ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 67 ਲੱਖ ਹੋਵੇਗੀ | ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਹਰ ਹਕੀਕਤੀ ਮੁਸ਼ਕਿਲ ਦਾ ਹੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੀਤਾ ਜਾਵੇਗਾ | ਇਸ ਮੌਕੇ ਮੇਅਰ ਰਾਮਪਾਲ ਉੱਪਲ, ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ , ਸੀਵਰੇਜ ਬੋਰਡ ਦੇ ਐਸ.ਡੀ.ਓ. ਰਾਜਵਿੰਦਰ ਸਿੰਘ ਗਿੱਲ ਤੇ ਜੂਨੀਅਰ ਇੰਜੀਨੀਅਰ ਅਮਿਤ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |