ਕਪੂਰਥਲਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰ.ਸੀ.ਐਫ. ਦੇ ਗੇਟ ਮੂਹਰੇ ਪੰਫਲਿਟ ਤੇ ਪੋਸਟਰ ਤਕਸੀਮ ਕਰਕੇ ਰੋਸ ਵਿਖਾਵਾ ਕੀਤਾ ਗਿਆ | ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸਿੰਘ ਤੇ ਸਕੱਤਰ ਰਾਮ ਰਤਨ ਸਿੰਘ ਨੇ ਕਿਹਾ ਕਿ ਯੂਨੀਅਨ ਆਰ.ਸੀ.ਐਫ. ਵਿਚ ਠੇਕੇਦਾਰੀ ਤੇ ਆਊਟ ਸੋਰਸਿੰਗ ਦੇ ਵਿਰੋਧ, ਪੰਜ ਦਿਨ ਦਾ ਹਫ਼ਤਾ ਕਰਨ, ਲੋੜੀਂਦੀ ਕੋਚ ਸਮਗਰੀ ਦੀ ਪੂਰਤੀ, ਪੁਰਾਣੀ ਪੈਨਸ਼ਨ ਬਹਾਲ ਕਰਨ, ਮੁਲਾਜ਼ਮਾਂ ਦੇ ਕੁਆਰਟਰਾਂ ਦੀ ਮੁਰੰਮਤ ਤੇ ਆਰ.ਸੀ.ਐਫ. ਵਿਚ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ | ਇਹ ਮੰਗਾਂ ਯੂਨੀਅਨ ਵਲੋਂ ਰੇਲਵੇ ਬੋਰਡ ਦੇ ਧਿਆਨ ਵਿਚ ਵੀ ਲਿਆਂਦੀਆਂ ਜਾ ਚੁੱਕੀਆਂ ਹਨ | ਉਨ੍ਹਾਂ ਆਰ.ਸੀ.ਐਫ. ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੇ | ਇਸੇ ਦੌਰਾਨ ਹੀ ਯੂਨੀਅਨ ਦੇ ਪ੍ਰੈੱਸ ਸਕੱਤਰ ਵੀਰ ਪ੍ਰਕਾਸ਼ ਪੰਚਾਲ, ਕਾਰਜਕਾਰੀ ਪ੍ਰਧਾਨ ਅਮਰੀਕ ਸਿੰਘ, ਖ਼ਜ਼ਾਨਚੀ ਕਮਲਜੀਤ, ਰਣਜੀਤ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ ਚਮਕੀਲਾ ਤੇ ਇਕਬਾਲ ਸਿੰਘ ਨੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਠੇਕੇਦਾਰੀ ਸਿਸਟਮ ਨੂੰ ਠੱਲ੍ਹ ਪਾਉਣ ਤੇ ਹੋਰ ਮੰਗਾਂ ਮਨਵਾਉਣ ਲਈ ਇਕਜੁੱਟ ਹੋਣ ਤਾਂ ਜੋ ਰੇਲਵੇ ਬੋਰਡ ਤੇ ਆਰ.ਸੀ.ਐਫ. ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ | ਇਸ ਮੌਕੇ ਇੰਜ. ਸ਼ਿਵਮ ਵਰਮਾ, ਇੰਜ. ਗਗਨਦੀਪ ਸਿੰਘ, ਇੰਜ. ਸੁਰਿੰਦਰ ਸਿੰਘ, ਗੁਰਜੀਤ ਸਿੰਘ ਗੋਪੀ, ਸੁੱਚਾ ਸਿੰਘ, ਬਲਬੀਰ ਚੰਦ, ਅਨਿਲ ਸੈਣੀ, ਨਿਰਮਲ ਸਿੰਘ, ਰਤਨ ਕੁਮਾਰ ਬੋਗੀ ਸ਼ਾਪ, ਦਲੀਪ ਕੁਮਾਰ, ਵਿਸ਼ਨੂੰ ਵੀਰ, ਰਵਿੰਦਰ ਸਿੰਘ, ਰਵੀ ਸ਼ੰਕਰ, ਪ੍ਰਵੀਨ ਕੁਮਾਰ, ਸਾਵਣ, ਅਰੁਣ ਕੁਮਾਰ, ਦੀਵਾਂਸ਼ੂ ਆਦਿ ਹਾਜ਼ਰ ਸਨ |