•ਲੈਂਡ ਪੁਲਿੰਗ ਨੀਤੀ ਖ਼ਿਲਾਫ਼ ਪਿੰਡੋਂ ਪਿੰਡ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ: ਬਾਜਵਾ
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਜ਼ਿਲ੍ਹਾ ਕਪੂਰਥਲਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਜੀ ਕਾਲਾ ਸੰਘਿਆਂ ਵਿਖੇ ਹੋਈ | ਮੀਟਿੰਗ ਦੌਰਾਨ ਕਿਸਾਨ ਆਗੂਆਂ ਵਲੋਂ ਜ਼ਮੀਨੀ ਮਸਲੇ ਉੱਤੇ ਆਪਣੇ ਵਿਚਾਰ ਰੱਖੇ ਗਏ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕੀਮਤੀ ਉਪਜਾਊ ਤੇ 2 ਫਸਲੀ ਜ਼ਮੀਨ ਅਕਵਾਇਰ ਕਰਨ ਦਾ ਜ਼ਬਰਦਸਤ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਦੇਣ ਲਈ ਵਾਹੀਯੋਗ ਜ਼ਮੀਨ ਕਾਰਪੋਰੇਟਰੀ ਗਿਰਜਾਂ ਤੋਂ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ, ਜਿਸ ਤਰ੍ਹਾਂ ਦੇਸ਼ 'ਚ ਖੇਤੀ ਗੰਭੀਰ ਸੰਕਟ 'ਚ ਫਸੀ ਹੋਈ ਹੈ ਤੇ ਸਰਕਾਰ ਖੇਤੀ ਸੰਕਟ ਹੱਲ ਕਰਨ ਲਈ ਕੁਝ ਕਰਨਾ ਨਹੀਂ ਚਾਹੁੰਦੀ, ਇਹਨਾਂ ਹਾਲਾਤਾਂ 'ਚ ਜ਼ਮੀਨ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ | ਰਘਬੀਰ ਸਿੰਘ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੀਤੀ ਆਯੋਗ ਤਾਂ ਕਿਸਾਨਾਂ ਨੂੰ ਖੇਤੀ 'ਚੋਂ ਬਾਹਰ ਕਰਨਾ ਬਹੁਤ ਚਾਹੁੰਦਾ ਹੈ ਅਤੇ ਕਿਸਾਨਾਂ ਨੂੰ ਉਜਾੜ ਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨਾ ਚਾਹੁੰਦੇ ਹਨ | ਕਿਸਾਨ ਆਗੂਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਕਿਸਾਨਾਂ ਨੂੰ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੁਚੇਤ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਫਿਰ ਅਗਸਤ ਮਹੀਨੇ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਕੀਤੀ ਜਾਵੇਗੀ | ਲੈਂਡ ਪੂਲਿੰਗ ਮਸਲੇ ਉੱਤੇ ਸਰਕਾਰ ਦਾ ਹਰ ਪੱਧਰ ਉੱਤੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਕਾਲਾ ਸੰਘਿਆਂ ਇਲਾਕੇ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ, ਡਾਕਟਰ ਸੁਖਦੇਵ ਸਿੰਘ ਪ੍ਰਧਾਨ ਇਲਾਕਾ ਕਪੂਰਥਲਾ, ਭਗਵੰਤ ਸਿੰਘ ਸਕੱਤਰ ਇਲਾਕਾ ਕਪੂਰਥਲਾ, ਬਲਵੀਰ ਸਿੰਘ ਸਰਪੰਚ ਮੁਰਾਦਪੁਰ, ਮੰਗਲ ਸਿੰਘ ਮੁਰਾਦਪੁਰ, ਕੁਲਦੀਪ ਕੁਮਾਰ ਲੂੰਬਾ, ਨਿਸ਼ਾਨ ਸਿੰਘ ਮੁਰਾਦਪੁਰ, ਬਲਜਿੰਦਰ ਸਿੰਘ ਮੁਰਾਦਪੁਰ, ਰਜਿੰਦਰ ਸਿੰਘ ਪੱਪੂ, ਕਸ਼ਮੀਰ ਸਿੰਘ ਸੋਢੀ, ਪਰਮਜੀਤ ਪੰਮੀ, ਕੁਲਦੀਪ ਚੰਦ ਕੀਪਾ, ਪਿਆਰੇ ਲਾਲ, ਪਲਵਿੰਦਰ ਸਿੰਘ, ਮਲਕੀਤ ਸਿੰਘ ਤੇ ਪਰਗਣ ਸਿੰਘ ਸੰਘਾ ਆਦਿ ਹਾਜ਼ਰ ਸਨ |
ਜ਼ਮੀਨ ਨੂੰ ਕਾਰਪੋਰੇਟਰੀ ਗਿਰਜਾਂ ਤੋਂ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ: ਕਿਸਾਨ ਆਗੂ
ਅਜੀਤ ਡੈਸਕ
21-06-2025