16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੋਕਾਂ ਦੀਆਂ ਕਮੇਟੀਆਂ ਲੈ ਕੇ ਫ਼ਰਾਰ ਹੋਏ ਵਿਅਕਤੀ ਨੂੰ ਖ਼ੁਦਕੁਸ਼ੀ ਕਰਨੋਂ ਰੋਕਿਆ

ਅਜੀਤ ਡੈਸਕ 21-06-2025
•ਲੋਕਾਂ ਵਲੋਂ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼, ਅੱਠ ਵਿਅਕਤੀਆਂ ਦੇ ਖ਼ੁਦਕੁਸ਼ੀ ਨੋਟ 'ਚ ਲਿਖੇ ਸਨ ਨਾਂਅ
ਫਗਵਾੜਾ, 20 ਜੂਨ (ਹਰਜੋਤ ਸਿੰਘ ਚਾਨਾ)- ਸ਼ਹਿਰ 'ਚ ਪਿਛਲੇ ਕੁੱਝ ਦਿਨ ਤੋਂ ਕਮੇਟੀਆਂ ਦੇ ਕਰੋੜਾਂ ਰੁਪਏ ਲੈ ਕੇ ਭੱਜਣ ਦਾ ਮਾਮਲਾ ਕਾਫ਼ੀ ਚਰਚਾ 'ਚ ਚੱਲ ਰਿਹਾ ਸੀ | ਅੱਜ ਉਸ ਸਮੇਂ ਮਾਮਲੇ 'ਚ ਨਵਾਂ ਮੋੜ ਆ ਗਿਆ ਜਦੋਂ ਕੁੱਝ ਦਿਨ ਪਹਿਲਾ ਫ਼ਰਾਰ ਹੋਇਆ ਵਿਅਕਤੀ ਜਿਸ ਨੂੰ ਅੱਜ ਸ਼ਹਿਰ ਦੇ ਇੱਕ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਤੋਂ ਰੋਕ ਕੇ ਲਿਆਂਦਾ ਤੇ ਪੁਲਿਸ ਅੱਗੇ ਪੇਸ਼ ਕਰ ਦਿੱਤਾ ਹੈ | ਉਕਤ ਵਿਅਕਤੀ ਦੀ ਪਛਾਣ ਸੰਜੀਵ ਸ਼ਰਮਾ ਪੁੱਤਰ ਵਿਸ਼ਵਾਨਾਥ ਵਾਸੀ ਬਾਬਾ ਗਧੀਆ ਖਲਵਾੜਾ ਗੇਟ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਉਹ ਜਲੰਧਰ ਲਾਗਿਉਂ ਵੜਿੰਗ ਖੇਤਰ ਤੋਂ ਵਾਪਸ ਆ ਰਹੇ ਸੀ ਤਾਂ ਉਕਤ ਵਿਅਕਤੀ ਹੱਥ 'ਚ ਕਾਗ਼ਜ ਫੜ੍ਹ ਕੇ ਰੌ ਰਿਹਾ ਸੀ ਜਦੋਂ ਉਸ ਨੂੰ ਰੋਕ ਕੇ ਪੁੱਛਿਆ ਤਾਂ ਉਸਨੇ ਕਿਹਾ ਕਿ ਲੋਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਕਰਕੇ ਉਹ ਇੱਥੇ ਪੁੱਜਾ ਹੈ ਜਿਸ 'ਚ ਅੱਠ ਵਿਅਕਤੀਆਂ ਦੇ ਨਾਮ ਉਸ ਨੇ ਸ਼ਾਮਿਲ ਕੀਤੇ ਹਨ ਜੋ ਉਸ ਖਿਲਾਫ਼ ਸੋਸ਼ਲ ਮੀਡੀਆ ਤੇ ਉਸ ਨੂੰ ਬਦਨਾਮ ਕਰ ਰਹੇ ਹਨ | ਸੰਜੀਵ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਮੇਟੀਆਂ ਦਾ ਧੰਦਾ ਕਰਦਾ ਹੈ ਤੇ ਸਾਫ਼ ਸੁਥਰੇ ਢੰਗ ਨਾਲ ਪੈਸੇ ਲੈ ਕੇ ਸਮੇਂ ਸਮੇਂ ਸਿਰ ਵਾਪਸ ਵੀ ਕਰਦਾ ਹੈ | ਉਹ ਰੋਜ਼ 40-50 ਹਜ਼ਾਰ ਦੀ ਉਗਰਾਹੀ ਕਰਦਾ ਸੀ ਪਰ ਕੁੱਝ ਲੋਕਾਂ ਨੇ ਉਸਦੇ ਪੈਸੇ ਬਹਾਨੇ ਲੱਗਾ ਕੇ ਲਟਕਾ ਲਏ ਹਨ ਜਿਸ ਕਰਕੇ ਉਸਦੀ ਵਸੂਲੀ ਸਿਰਫ਼ 4-5 ਹਜ਼ਾਰ ਰੁਪਏ ਰਹਿ ਗਈ ਸੀ | ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀਆਂ ਵਲੋਂ ਉਸ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਨ੍ਹਾਂ ਲੋਕਾਂ ਦਾ ਸਿਰਫ਼ ਡੇਢ ਲੱਖ ਰੁਪਏ ਨਿਕਲਦਾ ਹੈ ਉਹ 10-10 ਲੱਖ ਰੁਪਏ ਦਾ ਪ੍ਰਚਾਰ ਕਰ ਰਹੇ ਹਨ ਤੇ ਲੋਕਾਂ ਨੇ ਬਹੁਤ ਵੱਡੀ ਰਾਸ਼ੀ ਖੜ੍ਹੀ ਕਰ ਦਿੱਤੀ ਹੈ | ਅੱਜ ਉਸ ਨੂੰ ਲਿਆ ਕੇ ਸੁਖਵਿੰਦਰ ਸਿੰਘ ਨੇ ਸਿਟੀ ਪੁਲਿਸ 'ਚ ਪੇਸ਼ ਕੀਤਾ ਗਿਆ ਤੇ ਉਸ ਨੇ ਪੁਲਿਸ ਪਾਸ ਆਪਣਾ ਪੱਖ ਪੇਸ਼ ਕੀਤਾ ਜਿਸ 'ਤੇ ਪੁਲਿਸ ਨੇ ਭਰੋਸਾ ਦਿੱਤਾ ਕਿ ਉਹ ਇਸ ਦੀ ਨਿਰਪੱਖ ਜਾਂਚ ਕਰਕੇ ਦੋਨਾਂ ਧਿਰਾਂ ਨਾਲ ਇਨਸਾਫ਼ ਕਰਨਗੇ | ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾ ਉਕਤ ਵਿਅਕਤੀ ਸ਼ਹਿਰ ਛੱਡ ਕੇ ਬਾਹਰ ਚਲਾ ਗਿਆ ਸੀ ਜਿਸ ਤੋਂ ਬਾਅਦ ਸ਼ਹਿਰ ਦੇ ਕੁੱਝ ਵਿਅਕਤੀਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਪੁਲਿਸ ਨੇ ਕੱਢੀ ਗੁਰੂ ਨਾਨਕ ਸਟੇਡੀਅਮ ਤੋਂ ਸਾਈਕਲਾਥੋਨ ਅਗਲੀ ਖ਼ਬਰ ਜ਼ਮੀਨ ਨੂੰ ਕਾਰਪੋਰੇਟਰੀ ਗਿਰਜਾਂ ਤੋਂ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ: ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।