•ਕਪੂਰਥਲਾ ਵਾਸੀ ਯੋਗ ਦਿਵਸ ਸਬੰਧੀ ਕਰਵਾਏ ਸਮਾਗਮ ਵਿਚ ਭਾਗ ਲੈਣ-ਅਮਿਤ ਕੁਮਾਰ ਪੰਚਾਲ
ਕਪੂਰਥਲਾ, 20 ਜੂਨ (ਅਮਰਜੀਤ ਕੋਮਲ)-ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿਚ 21 ਜੂਨ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਸ੍ਰੀ ਸਨਾਤਨ ਧਰਮ ਸਭਾ ਵਿਚ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਸਮਾਗਮ ਦੇ ਸੰਚਾਲਨ ਲਈ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ, ਯੋਗਸ਼ਾਲਾ, ਕੋਆਰਡੀਨੇਟਰ, ਖੇਡ, ਸਿੱਖਿਆ, ਪੁਲਿਸ ਤੇ ਰੈੱਡ ਕਰਾਸ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਵੱਡੀ ਗਿਣਤੀ ਵਿਚ ਖਿਡਾਰੀ ਭਾਗ ਲੈਣਗੇ | ਉਨ੍ਹਾਂ ਕਪੂਰਥਲਾ ਵਾਸੀਆਂ ਨੂੰ ਯੋਗ ਦਿਵਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਸ ਤੇਜ਼ ਰਫ਼ਤਾਰ ਜ਼ਿੰਦਗੀ 'ਚ ਤਣਾਅ ਗ੍ਰਸਤ ਦਿਮਾਗ਼ ਤੇ ਸਰੀਰ ਨੂੰ ਦਵਾਈਆਂ ਤੋਂ ਬਿਨ੍ਹਾਂ ਤੰਦਰੁਸਤ ਰੱਖਣ ਲਈ ਯੋਗ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮੰਨ ਦਾ ਵਾਸ ਹੁੰਦਾ ਹੈ | ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਸੀ.ਐਮ. ਯੋਗਸ਼ਾਲਾ ਫਗਵਾੜਾ ਵਲੋਂ ਬ੍ਰਹਮ ਕੁਮਾਰੀ ਆਸ਼ਰਮ ਸੁਭਾਸ਼ ਨਗਰ ਫਗਵਾੜਾ, ਛਿਨਮਸਤਿਕਾ ਮੰਦਿਰ ਕਟਹਿਰਾ ਚੌਂਕ ਫਗਵਾੜਾ, ਸ਼ਹੀਦ ਊਧਮ ਸਿੰਘ ਨਗਰ ਫਗਵਾੜਾ, ਸਤਨਾਮਪੁਰਾ ਤੇ ਮੁਹੱਲਾ ਪ੍ਰੀਤ ਨਗਰ ਫਗਵਾੜਾ ਵਿਚ ਯੋਗਾ ਮਾਹਿਰ ਬੇਅੰਤ ਕੌਰ ਵਲੋਂ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ |
ਅੰਤਰਰਾਸ਼ਟਰੀ ਯੋਗ ਦਿਵਸ 'ਤੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਲਗਾਇਆ ਯੋਗ ਕੈਂਪ
ਕਪੂਰਥਲਾ, (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ 'ਚ ਯੋਗ ਕੈਂਪ ਲਗਾਇਆ ਗਿਆ, ਜਿਸ 'ਚ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ, ਐਨ.ਸੀ.ਸੀ. ਕੈਡਿਟ, ਐਨ.ਐਸ.ਐਸ. ਵਲੰਟੀਅਰ, ਫੈਕਲਟੀ ਮੈਂਬਰ, ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਨਾਨ ਟੀਚਿੰਗ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ | ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਕੀਤਾ | ਉਨ੍ਹਾਂ ਸਰੀਰਕ, ਬੌਧਿਕ, ਮਾਨਸਿਕ ਤੇ ਅਧਿਆਤਮਿਕ ਸੰਤੁਲਨ ਬਣਾਈ ਰੱਖਣ ਵਿਚ ਯੋਗ ਦੀ ਮਹੱਤਤਾ ਤੇ ਭੂਮਿਕਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਆਰਟ ਆਫ਼ ਲਿਵਿੰਗ ਫਾਉਂਡੇਸ਼ਨ ਦੇ ਯੋਗਾ ਮਾਹਿਰ ਦਵਿੰਦਰ ਕੁਮਾਰ ਤੇ ਗੌਰਵ ਨੇ ਕਿਹਾ ਕਿ ਯੋਗ ਸਿਰਫ਼ ਆਸਣਾ ਅਤੇ ਪ੍ਰਾਣਾਯਾਮ ਦਾ ਸੁਮੇਲ ਨਹੀਂ, ਸਗੋਂ ਇਕ ਵਿਆਪਕ ਅਨੁਸ਼ਾਸਨ ਹੈ, ਜੋ ਮਨ ਸਰੀਰ ਅਤੇ ਆਤਮਾ ਨੂੰ ਏਕੀਕਰਿਤ ਕਰਦਾ ਹੈ | ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਡਾ. ਚੰਦਰ ਪ੍ਰਕਾਸ਼ ਨੇ ਅਸ਼ਟਾਂਗ ਯੋਗ ਦੀ ਧਾਰਨਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸੇ ਦੌਰਾਨ ਹੀ ਯੂਨੀਵਰਸਿਟੀ ਦੇ ਸਿਵਲ ਵਿਭਾਗ ਦੇ ਪ੍ਰੋ. ਡਾ. ਰਾਜੀਵ ਚੌਹਾਨ ਨੇ ਯੋਗ ਦੇ ਜਨਮ ਅਸਥਾਨ ਵਜੋਂ ਭਾਰਤ ਦੇ ਇਤਿਹਾਸਕ ਤੇ ਸਭਿਆਚਾਰਕ ਯੋਗਦਾਨ 'ਤੇ ਜ਼ੋਰ ਦਿੱਤਾ | ਡਿਪਟੀ ਰਜਿਸਟਰਾਰ ਗਗਨਜੋਤ ਸਿੰਘ ਤੇ ਦਵਿੰਦਰ ਕੁਮਾਰ ਨੇ ਵੀ ਨਿਯਮਤ ਯੋਗ ਅਭਿਆਸ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਜਾਣਕਾਰੀ ਦਿੱਤੀ | ਡਾ. ਨਵੀਨ ਸ਼ਰਮਾ ਨੇ ਕੈਂਪ ਦੀ ਸਮਾਪਤੀ 'ਤੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |
ਭਾਰਤੀ ਆਯੁਰਵੈਦ ਤੇ ਭਾਰਤੀ ਸੰਸਕਿ੍ਤੀ ਦਾ ਅਟੁੱਟ ਅੰਗ ਹੈ ਯੋਗ-ਪਿ੍ੰ: ਮੋਨਾ ਘਈ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਯੋਗ ਭਾਰਤੀ ਆਯੁਰਵੈਦ ਤੇ ਭਾਰਤੀ ਸੰਸਕਿ੍ਤੀ ਦਾ ਅਟੁੱਟ ਅੰਗ ਹੈ ਜਿਸਦਾ ਲਾਭ ਸਦੀਆਂ ਤੋਂ ਹੀ ਭਾਰਤੀ ਲੋਕਾਂ ਦੁਆਰਾ ਲਿਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਪਿ੍ੰਸੀਪਲ ਮੈਡਮ ਮੋਨਾ ਘਈ ਨੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਇਸਦੇ ਲਾਭਾਂ ਤੇ ਮਹੱਤਵ ਨੂੰ ਸਮਝਦੇ ਹੋਏ ਸੰਯੁਕਤ ਰਾਸ਼ਟਰ ਮਹਾਂਸਭਾ ਵਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਅਧਿਕਾਰਕ ਤੌਰ 'ਤੇ ਮਾਨਤਾ ਦਿੱਤੀ ਗਈ ਹੈ | 2015 ਵਿਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਇਹ ਮਹੱਤਵਪੂਰਨ ਦਿਨ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ ਤੇ ਇਸ ਸਾਲ 21 ਜੂਨ ਨੂੰ ਸੰਸਾਰ ਭਰ ਵਿਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ | ਪਿ੍ੰਸੀਪਲ ਮੈਡਮ ਮੋਨਾ ਘਈ ਵਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ, ਟੀਚਿੰਗ ਤੇ ਨਾਨ -ਟੀਚਿੰਗ ਸਟਾਫ਼ ਨੂੰ ਇਸ ਯੋਗ ਦਿਵਸ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਸ ਮੌਜੂਦਾ ਤੇਜ਼ ਰਫ਼ਤਾਰ ਜ਼ਿੰਦਗੀ ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗ ਅਪਣਾਉਣਾ ਚਾਹੀਦਾ ਹੈ, ਕਿਉਂਕਿ ਤੰਦਰੁਸਤ ਸਰੀਰ ਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ |
ਕੌਮਾਂਤਰੀ ਯੋਗ ਦਿਵਸ 'ਤੇ ਸ੍ਰੀ ਸਨਾਤਨ ਧਰਮ ਸਭਾ 'ਚ 21 ਜੂਨ ਨੂੰ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ
ਅਜੀਤ ਡੈਸਕ
21-06-2025