ਢਿਲਵਾਂ, 21 ਜੂਨ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੈਰੋਇਨ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਥਾਣਾ ਢਿਲਵਾਂ ਦੇ ਇੰਚਾਰਜ ਦਵਿੰਦਰਬੀਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਪਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਰੇਲਵੇ ਫਾਟਕ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦੋ ਨੌਜਵਾਨ ਪੁਰਾਣੇ ਪੁਲ ਦੇ ਹੇਠਾਂ ਝਾੜੀਆਂ ਵਿਚ ਲੁਕ ਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨ, ਜੇਕਰ ਛਾਪਾ ਮਾਰਿਆ ਜਾਵੇ ਤਾਂ ਉਨ੍ਹਾਂ ਨੂੰ ਫੜਿਆ ਜਾ ਸਕਦਾ ਹੈ | ਉਨ੍ਹਾਂ ਨੇ ਮੁਖ਼ਬਰ ਵਲੋਂ ਦੱਸੀ ਗਈ ਜਗ੍ਹਾ 'ਤੇ ਛਾਪਾ ਮਾਰਿਆ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਫੜ ਲਿਆ | ਉਨ੍ਹਾਂ ਦਾ ਨਾਮ ਅਤੇ ਪਤਾ ਪੁੱਛਣ 'ਤੇ ਉਨ੍ਹਾਂ ਨੇ ਆਪਣੀ ਪਛਾਣ ਆਕਾਸ਼ ਅਤੇ ਅਰਸ਼ਦੀਪ ਸਿੰਘ ਵਾਸੀ ਚੱਕੋਕੀ ਥਾਣਾ ਢਿਲਵਾਂ ਵਜੋਂ ਦੱਸੀ | ਉਕਤ ਪਾਸੋਂ ਇੱਕ ਚਾਂਦੀ ਦਾ ਕਾਗਜ਼, ਦਸ ਰੁਪਏ ਦਾ ਨੋਟ ਅਤੇ ਇੱਕ ਲਾਈਟਰ ਬਰਾਮਦ ਕੀਤਾ ਗਿਆ | ਇਸ ਸਬੰਧੀ ਥਾਣਾ ਢਿਲਵਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |