ਤਲਵੰਡੀ ਚੌਧਰੀਆਂ, 21 ਜੂਨ (ਪਰਸਨ ਲਾਲ ਭੋਲਾ)-ਸ਼ਿੰਦੋ ਪਤਨੀ ਬਲਵੰਤ ਸਿੰਘ ਵਾਸੀ ਸ਼ਿਵਦਿਆਲ ਵਾਲਾ ਜੋ ਪਰੇਸ਼ਾਨੀ ਕਾਰਨ ਬੀਤੀ 19 ਜੂਨ ਘਰੋਂ ਚਲੀ ਗਈ ਸੀ | ਜਿਸ ਦੀ ਲਾਸ਼ ਪਿੰਡ ਪੱਸਣ ਕਦੀਮ ਥਾਣਾ ਕਬੀਰਪੁਰ ਵਿਖੇ ਇਕ ਟੋਏ 'ਚੋਂ ਮਿਲੀ | ਥਾਣਾ ਕਬੀਰਪੁਰ ਨੇ ਘਰਦਿਆਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦੇ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਿਸ ਦਾ ਅੱਜ ਪਿੰਡ ਸ਼ਿਵਦਿਆਲ ਵਾਲਾ ਵਿਖੇ ਸਸਕਾਰ ਕਰ ਦਿੱਤਾ ਗਿਆ | ਡੀਐਸਪੀ ਸੁਲਤਾਨਪੁਰ ਲੋਧੀ ਨੂੰ ਆਪਣੀ ਦਰਖਾਸਤ ਵਿਚ ਬਿਆਨ ਦਿੰਦਿਆਂ ਨਰੇਸ਼ ਪਾਲ ਸਿੰਘ ਪੁੱਤਰ ਬਲਵੰਤ ਸਿੰਘ ਨੇ ਕਿਹਾ ਕਿ ਮੇਰੀ ਮਾਤਾ ਸ਼ਿੰਦੋ ਪਾਸ ਚਾਰ ਕਨਾਲ ਜ਼ਮੀਨ ਸੀ | ਸਾਡੀ ਮਾਮੀ ਸੁਰਜੀਤ ਕੌਰ ਨੇ ਲੈਂਡ ਮਾਰਟਗੇਜ ਬੈਂਕ ਦਾ ਕਰਜ਼ਾ ਦੇਣਾ ਸੀ ਅਤੇ ਲੜਕੀ ਦਾ ਵਿਆਹ ਕਰਨਾ ਸੀ | ਉਸ ਨੇ ਮੇਰੀ ਮਾਂ ਅਤੇ ਮੇਰੇ ਭਰਾ ਨੂੰ ਕਿਹਾ ਕਿ ਇਹ ਜਮੀਨ ਮੈਨੂੰ ਵੇਚ ਦਿਓ ਅਤੇ ਮੈਂ ਆਪਣੀ 3 ਕਨਾਲ ਨੌ ਮਰਲੇ ਦੀ ਰਜਿਸਟਰੀ ਤੁਹਾਡੇ ਨਾ ਕਰਵਾ ਦੇਵਾਂਗੀ | ਮੇਰਾ ਕਰਜ਼ਾ ਤੇ ਕੁੜੀ ਦਾ ਵਿਆਹ ਹੋ ਜਾਵੇਗਾ | ਕਰਜ਼ਾ ਦੇਣ ਅਤੇ ਵਿਆਹ ਹੁਣ ਤੋਂ ਬਾਅਦ ਵੀ ਤਿੰਨ ਕਨਾਲ ਨੌ ਮਰਲੇ ਜਮੀਨ ਸਾਡੇ ਨਾਂ ਨਹੀਂ ਕਰਾਈ | ਜਿਸ ਕਰਕੇ ਮੇਰੀ ਮਾਤਾ ਪਰੇਸ਼ਾਨ ਰਹਿਣ ਲੱਗ ਪਈ | ਇਸ ਦਾ ਫ਼ੈਸਲਾ ਜਥੇਬੰਦੀ ਅਤੇ ਪੰਚਾਇਤ ਨੇ ਵੀ ਕਈ ਵਾਰ ਕਰਵਾਇਆ | ਪਰ ਇਹਨਾਂ ਜਮੀਨ ਸਾਡੇ ਨਾਂਅ ਨਹੀਂ ਕਰਾਈ | ਤਿੰਨ ਕਨਾਲ ਨੌ ਮਰਲੇ ਜਮੀਨ ਦੇ ਆਸੇ ਪਾਸੇ ਬਾਕੀ ਜਮੀਨ ਨੀਵੀਂ ਸੀ | ਉੱਚੀ ਜਮੀਨ ਹੋਣ ਕਰਕੇ ਅਸੀਂ ਮਿੱਟੀ ਚੁਕਾਉਣ ਲੱਗੇ ਤਾਂ ਸੁਰਜੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਅਦਾਲਤ ਤੋਂ ਸਟੇਅ ਲੈ ਆਉਂਦਾ ਅਤੇ ਸਾਨੂੰ ਕੋਰਟ ਦੇ ਨੋਟਿਸ ਆ ਗਿਆ | ਜਿਸ ਕਰਕੇ ਮੇਰੀ ਮਾਤਾ ਹੋਰ ਪਰੇਸ਼ਾਨ ਹੋ ਗਈ ਅਤੇ ਉਹ ਆਪ ਮੁਹਾਰੇ ਘਰੋਂ ਨਿਕਲ ਜਾਂਦੀ | ਬੀਤੀ 19 ਜੂਨ ਨੂੰ ਉਹ ਘਰੋਂ ਨਿਕਲ ਗਈ ਅਤੇ ਜਿਸ ਦੀ ਲਾਸ਼ ਪੱਸਣ ਕਦੀਮ ਪਿੰਡ ਥਾਣਾ ਕਬੀਰਪੁਰ ਤੋਂ ਇਕ ਟੋਏ ਚੋਂ ਮਿਲੀ | ਦਰਖਾਸਤ ਵਿਚ ਨਰੇਸ਼ ਪਾਲ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸੁਰਜੀਤ ਕੌਰ, ਸੋਨਾ ਸਿੰਘ, ਰਾਜ ਕੌਰ ਪਤਨੀ ਸੋਨਾ ਸਿੰਘ, ਗੁਰਮੇਲ ਸਿੰਘ ਪੁੱਤਰ ਸੋਨਾ ਸਿੰਘ ਧੋਖਾ ਧੜੀ ਕਰਕੇ ਸਾਡੀ ਜਮੀਨ ਹੜੱਪਣ ਨੂੰ ਫਿਰਦੇ ਹਨ | ਪਿੰਡ 'ਚੋਂ ਪੁੱਛ ਪੜਤਾਲ ਕਰਨ ਉਪਰੰਤ ਇਹਨਾਂ 'ਤੇ ਬਣਦਾ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਨਿਆਂ ਦਵਾਇਆ ਜਾਵੇ |