ਕਪੂਰਥਲਾ, 21 ਜੂਨ (ਅਮਰਜੀਤ ਕੋਮਲ)-ਨਗਰ ਨਿਗਮ ਵਲੋਂ ਮਨਸੂਰਵਾਲ ਦੋਨਾ ਦੇ ਸ਼ਮਸ਼ਾਨਘਾਟ ਨੂੰ ਪਿਛਲੇ ਲਗਭਗ 80 ਵਰਿ੍ਹਆਂ ਤੋਂ ਜਾ ਰਿਹਾ ਰਸਤਾ ਤੇ ਗੇਟ ਬੰਦ ਕੀਤੇ ਜਾਣ ਦੇ ਫੈਸਲੇ ਦਾ ਸ਼ਮਸ਼ਾਨਘਾਟ ਸੁਧਾਰ ਸੁਸਾਇਟੀ ਤੇ ਆਲੇ ਦੁਆਲੇ ਦੇ ਲਗਭਗ 20 ਕਲੋਨੀਆਂ ਤੇ ਪਿੰਡ ਮਨਸੂਰਵਾਲ ਦੋਨਾ ਦੇ ਲੋਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ | ਨਗਰ ਨਿਗਮ ਵਲੋਂ ਸ਼ਮਸ਼ਾਨਘਾਟ ਦਾ ਰਸਤਾ ਬੰਦ ਕੀਤੇ ਜਾਣ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਮਨਸੂਰਵਾਲ ਦੋਨਾ ਤੇ ਹੋਰ ਕਲੋਨੀਆਂ ਦੇ ਵੱਡੀ ਗਿਣਤੀ ਵਿਚ ਲੋਕ ਸ਼ਮਸ਼ਾਨਘਾਟ ਵਿਚ ਪਰਮਜੀਤ ਸਿੰਘ ਦੁਆਬਾ ਪ੍ਰਧਾਨ ਸ਼ਮਸ਼ਾਨਘਾਟ ਸੁਧਾਰ ਸੁਸਾਇਟੀ ਤੇ ਅਮਰੀਕ ਸਿੰਘ ਢਿੱਲੋਂ ਜਨਰਲ ਸਕੱਤਰ ਦੀ ਅਗਵਾਈ ਵਿਚ ਇਕੱਤਰ ਹੋਏ | ਲੋਕਾਂ ਨੇ ਨਗਰ ਨਿਗਮ ਵਲੋਂ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਬੰਦ ਕੀਤੇ ਜਾਣ ਦੇ ਫੈਸਲੇ ਤੇ ਗੈਰਾਜ ਨੂੰ ਸੀਲ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ | ਬਾਅਦ ਵਿਚ ਸੁਸਾਇਟੀ ਦੇ ਇਕ ਵਫ਼ਦ ਨੇ ਕਪੂਰਥਲਾ ਹਲਕੇ ਕੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ | ਸੁਸਾਇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ ਮਨਸੂਰਵਾਲ ਦੋਨਾ ਸ਼ਮਸ਼ਾਨਘਾਟ ਵਿਚ ਆਲੇ ਦੁਆਲੇ ਦੀਆਂ ਲਗਭਗ 20 ਕਲੋਨੀਆਂ ਦੇ ਲੋਕ ਇਸ ਸ਼ਮਸ਼ਾਨਘਾਟ ਵਿਚ ਪਿਛਲੇ ਕਈ ਦਹਾਕਿਆਂ ਤੋਂ ਮਿ੍ਤਕ ਦੇਹਾਂ ਦਾ ਅੰਤਿਮ ਸਸਕਾਰ ਕਰਦੇ ਆ ਰਹੇ ਹਨ ਤੇ ਸ਼ਮਸ਼ਾਨਘਾਟ ਦੇ ਅੰਦਰ ਹੀ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦਾ ਸਮੁੱਚਾ ਪ੍ਰਬੰਧ ਲੋਕਾਂ ਦੇ ਸਹਿਯੋਗ ਨਾਲ ਚਲਾਉਂਦੇ ਹਨ ਤੇ ਨਿੱਜੀ ਤੌਰ 'ਤੇ ਵੀ ਪਿਛਲੇ ਸਮੇਂ ਤੋਂ ਯੋਗਦਾਨ ਪਾਉਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਦੇ ਅਧਿਕਾਰੀ ਸ਼ਮਸ਼ਾਨਘਾਟ ਦੇ ਗੇਟ ਦੇ ਨਾਲ ਲੱਗਦੀਆਂ ਨਿਗਮ ਦੀਆਂ ਦੁਕਾਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਦੀ ਆੜ ਵਿਚ ਸ਼ਮਸ਼ਾਨਘਾਟ ਨੂੰ ਜਲੰਧਰ-ਕਪੂਰਥਲਾ ਮੁੱਖ ਸੜਕ ਤੋਂ ਲੱਗਦਾ ਰਸਤਾ ਬੰਦ ਕਰਨ ਦੀ ਤਾਕ ਵਿਚ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ | ਇਸੇ ਦੌਰਾਨ ਹੀ ਰਾਣਾ ਗੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਫ਼ੋਨ 'ਤੇ ਲੋਕਾਂ ਦੀ ਮੁਸ਼ਕਲ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਬੰਦ ਨਾ ਕੀਤਾ ਜਾਵੇ ਤੇ ਇਸਨੂੰ ਲੋਕ ਹਿਤਾਂ ਲਈ ਨਿਰੰਤਰ ਜਾਰੀ ਰੱਖਿਆ ਜਾਵੇ | ਸੁਸਾਇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ ਉਹ ਲੋਕਾਂ ਦੀ ਇਸ ਮੁਸ਼ਕਿਲ ਨੂੰ ਲੈ ਕੇ ਉਹ 23 ਜੂਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇ ਕੇ ਮੰਗ ਕਰਨਗੇ ਕਿ ਇਸ ਰਸਤੇ ਨੂੰ ਬੰਦ ਨਾ ਕੀਤਾ ਜਾਵੇ | ਕਾਂਗਰਸ ਵਿਧਾਇਕ ਨੂੰ ਮੰਗ ਪੱਤਰ ਦੇਣ ਮੌਕੇ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਐਡਵੋਕੇਟ ਅਨੁਜ ਆਨੰਦ, ਜੇ.ਪੀ. ਅਰੋੜਾ, ਸੁਰਿੰਦਰ ਸਿੰਘ, ਹਰਜੀਤ ਸਿੰਘ ਬੱਬਾ, ਨਵਜੋਤ ਸਿੰਘ ਵਾਲੀਆ (ਸਾਰੇ ਕੌਂਸਲਰ), ਬਿਹਾਰੀ ਲਾਲ ਭਾਰਦਵਾਜ, ਭਜਨ ਸਿੰਘ ਰੰਗੀਲਾ, ਦਰਸ਼ਨ ਸਿੰਘ ਪਰਮਾਰ, ਸੰਜੇ ਸ਼ਰਮਾ, ਪ੍ਰੋ. ਗੁਰਦੀਪ ਸਿੰਘ, ਸਤਨਾਮ ਸਿੰਘ ਪਾਲੀ, ਬਲਬੀਰ ਸਿੰਘ, ਬਾਬਾ ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ, ਕਰਨੈਲ ਸਿੰਘ, ਬਾਬਾ ਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ | ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਮਨਸੂਰਵਾਲ ਦੋਨਾ ਦਾ ਸ਼ਮਸ਼ਾਨਘਾਟ ਤੇ ਇਸਦੇ ਨਾਲ ਲੱਗਦਾ 2 ਏਕੜ ਰਕਬਾ ਸਾਲ 1942 ਦੀ ਫ਼ਰਦ ਅਨੁਸਾਰ ਮਹਾਰਾਜਾ ਜਗਤਜੀਤ ਸਿੰਘ ਦੀ ਮਾਲਕੀ ਵਜੋਂ ਬੋਲਦਾ ਹੈ ਤੇ ਖਾਨਾ ਕਾਸ਼ਤ ਵਿਚ ਅਮੀਰ ਸ਼ਾਹ ਪੁੱਤਰ ਸ਼ੇਰ ਸ਼ਾਹ ਫ਼ਕੀਰ ਦਾ ਨਾਂਅ ਅੰਕਿਤ ਹੈ ਤੇ ਸਾਲ 1959-60 ਵਿਚ ਇਸਦੀ ਮਾਲਕੀ ਸਟੇਟ ਗੌਰਮਿੰਟ ਦੇ ਨਾਂਅ ਮਾਲ ਵਿਭਾਗ ਵਿਚ ਦਰਜ ਹੈ, ਪਰ ਖਾਨਾ ਕਾਸ਼ਤ ਵਿਚ ਅੋਹਲੇ ਹਦੂਦ (ਸ਼ਮਸ਼ਾਨਘਾਟ) ਦੇ ਨਾਂਅ 'ਤੇ ਹੈ | ਇਸੇ ਤਰ੍ਹਾਂ 2001 ਵਿਚ ਪੰਜਾਬ ਸਰਕਾਰ ਦੀ ਇਸ ਜ਼ਮੀਨ ਦਾ ਇੰਤਕਾਲ ਨਗਰ ਕੌਂਸਲ ਕਪੂਰਥਲਾ ਦੇ ਨਾਂਅ ਹੋ ਗਿਆ | ਬਾਅਦ ਵਿਚ ਸਾਲ 2019-20 ਦੀ ਜਮਾਂਬੰਦੀ ਵਿਚ ਖਸਰਾ ਨੰਬਰ 99 ਵਿਚ ਮਾਲਕੀ ਨਗਰ ਕੌਂਸਲ ਦੇ ਨਾਂਅ 'ਤੇ ਦਰਜ ਹੈ ਪਰ ਗੈਰਮੁਮਕਿਨ ਵਜੋਂ ਇਹ ਜਗਾ ਮੜ੍ਹੀਆਂ (ਸ਼ਮਸ਼ਾਨਘਾਟ) ਦੇ ਖਾਤੇ ਵਿਚ ਹੀ ਬੋਲਦੀ ਹੈ | ਪਰਮਜੀਤ ਸਿੰਘ ਦੁਆਬਾ ਤੇ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਨਗਰ ਕੌਂਸਲ ਉਨ੍ਹਾਂ 'ਤੇ ਕਥਿਤ ਤੌਰ 'ਤੇ ਗੇਟ ਬੰਦ ਕਰਨ ਲਈ ਦਬਾਅ ਪਾਉਂਦੀ ਰਹੀ ਤੇ ਇਸ ਸਬੰਧੀ ਉਨ੍ਹਾਂ ਦੀਆਂ ਨਗਰ ਨਿਗਮ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ | ਪਰ ਨਗਰ ਨਿਗਮ ਅਜੇ ਵੀ ਸ਼ਮਸ਼ਾਨਘਾਟ ਨੂੰ ਮੁੱਖ ਸੜਕ ਤੋਂ ਜਾਂਦਾ ਰਸਤਾ ਬੰਦ ਕਰਨ 'ਤੇ ਤੁਲੀ ਹੋਈ ਹੈ | ਪਰ ਸ਼ਮਸ਼ਾਨਘਾਟ ਸੁਸਾਇਟੀ ਤੇ ਇਲਾਕੇ ਦੇ ਲੋਕ ਰਸਤਾ ਬੰਦ ਕਰਨ ਦਾ ਨਿਰੰਤਰ ਵਿਰੋਧ ਕਰਨਗੇ | ਇਸੇ ਦੌਰਾਨ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ, ਸੀਨੀਅਰ ਅਕਾਲੀ ਆਗੂ ਹਰਬੰਸ ਸਿੰਘ ਵਾਲੀਆ, ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਅਜੇ ਬਬਲਾ ਤੇ ਹੋਰ ਆਗੂਆਂ ਨੇ ਨਿਗਮ ਵਲੋਂ ਸ਼ਮਸ਼ਾਨਘਾਟ ਦਾ ਰਸਤਾ ਬੰਦ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਕੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਨਿਰੰਤਰ ਬਹਾਲ ਰੱਖੇ |