ਕਪੂਰਥਲਾ, 16 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਦੀਵਾਲੀ ਨੂੰ ਮੱਦੇਨਜ਼ਰ ਰੱਖਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਲੋਕਾਂ ਨੂੰ ਈਕੋ ਫਰੈਂਡਲੀ ਤੇ ਨਸ਼ਾ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਪਟਾਕਿਆਂ ਦਾ ਧੰੂਆਂ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਇਨ੍ਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਘਰ ਵਿਚ ਹੀ ਬਣੀਆਂ ਮਿਠਾਈਆਂ ਤੇ ਫਲ ਫਰੂਟ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਗਿਫ਼ਟ ਆਦਿ ਪੈਕ ਕਰਨ ਲਈ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ | ਇਸ ਤੋਂ ਇਲਾਵਾ ਪਟਾਕਿਆਂ ਦਾ ਧੰੂਆਂ ਸਿਹਤ ਲਈ ਵੀ ਹਾਨੀਕਾਰਕ ਹੈ, ਕਿਉਂਕਿ ਇਸ ਵਿਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ ਜੋ ਸਿਹਤ ਪੱਖੋਂ ਹਾਨੀਕਾਰਕ ਹਨ | ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਪਟਾਕਿਆਂ ਨੂੰ ਚਲਾਉਣ ਵੇਲੇ ਸੂਤੀ ਕੱਪੜੇ ਪਾ ਕੇ ਰੱਖਣ, ਬਹੁਤ ਜ਼ਿਆਦਾ ਧਮਾਕੇ ਵਾਲੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜਾਗਰੂਕਤਾ ਵਿਚ ਹੀ ਬਚਾਅ ਹੈ |