ਕਪੂਰਥਲਾ, 16 ਅਕਤੂਬਰ (ਸਡਾਨਾ)-ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਗਰ ਸੰਸਥਾ ਵਲੋਂ ਸਾਂਝੀ ਪਹਿਲਕਦਮੀ ਕਰਦਿਆਂ ਲੋੜਵੰਦ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਜ਼ਰੂਰੀ ਸਮਾਨ ਵੰਡਿਆ ਗਿਆ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਏ.ਡੀ.ਸੀ. ਵਰਿੰਦਰਪਾਲ ਸਿੰਘ ਬਾਜਵਾ, ਆਈ.ਟੀ.ਸੀ. ਦੇ ਮੈਨੇਜਰ ਸੁਪਿੰਦਰ ਸਿੰਘ, ਵਿਸ਼ਾਲ ਪਾਂਡੇ, ਬੰਧਨ ਬੈਂਕ ਦੇ ਮੈਨੇਜਰ ਦੀਪਕ ਰਾਣਾ, ਬੰਧਨ ਕੋਨਗਰ ਅਫ਼ਸਰ ਅਤੁੱਲ ਚੰਦਰਸ਼ੀਲ ਦੀ ਅਗਵਾਈ ਹੇਠ ਹੋਏ ਸਮਾਗਮ ਮੌਕੇ ਲੋੜਵੰਦ ਔਰਤਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾਂ, ਕਰਿਆਨੇ ਦਾ ਸਮਾਨ ਅਤੇ ਰੇਡੀਮੇਡ ਕੱਪੜੇ ਵੰਡੇ ਗਏ | ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਨਵਾਂ ਕੰਮ ਸ਼ੁਰੂ ਕਰਨ ਵਾਲੀਆਂ ਇਨ੍ਹਾਂ ਔਰਤਾਂ ਤੇ ਉਨ੍ਹਾਂ ਦੇ ਕੰਮ ਦੀ ਦੋ ਸਾਲ ਤੱਕ ਦੇਖ ਰੇਖ ਕਰਨਗੇ ਤੇ ਉਨ੍ਹਾਂ ਨੂੰ ਲੋੜੀਂਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ | ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੰਸਥਾਵਾਂ ਹੁਣ ਤੱਕ 600 ਦੇ ਕਰੀਬ ਲੋੜਵੰਦ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੀ ਮਦਦ ਕਰ ਚੁੱਕੀ ਹੈ, ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਵਿਧਵਾ ਤੇ ਅਪਾਹਜ ਹਨ ਜਾਂ ਉਨ੍ਹਾਂ ਦੇ ਘਰ ਵਿਚ ਕਮਾਉਣ ਵਾਲਾ ਮੈਂਬਰ ਨਹੀਂ ਹੈ | ਏ.ਡੀ.ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਆਈ.ਟੀ.ਸੀ. ਅਤੇ ਬੰਧਨ ਕੋਨਗਰ ਸੰਸਥਾ ਦੇ ਇਸ ਚੰਗੇ ਊਧਮ ਦੀ ਸ਼ਲਾਘਾ ਕੀਤੀ | ਇਸ ਮੌਕੇ ਰਕੀਬ ਮੰਡਲ ਕੋਸ਼ਿਕ ਚੱਕਰਵਰਤੀ, ਮਨੀ ਰਾਮ, ਅਨੂਪ, ਖਗੇਨ, ਸਮੋਨਤ, ਅਮਨਦੀਪ, ਵਿਕਰਮ, ਸਾਰਿਕਾ, ਜਸਦੀਪ ਤੇ ਹੋਰ ਹਾਜ਼ਰ ਸਨ |