ਕਪੂਰਥਲਾ, 16 ਅਕਤੂਬਰ (ਸਡਾਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਚੱਲ ਰਹੀ ਤਿੰਨ ਦਿਨਾਂ ਸੂਬਾ ਪੱਧਰੀ ਬਾਸਕਿਟਬਾਲ ਚੈਂਪੀਅਨਸ਼ਿਪ ਅੰਡਰ-17 ਲੜਕੀਆਂ ਦੇ ਆਖ਼ਰੀ ਦਿਨ ਦੇ ਖੇਡ ਮੁਕਾਬਲਿਆਂ ਦੌਰਾਨ ਲੁਧਿਆਣਾ ਵਿੰਗ ਦੀ ਟੀਮ ਨੂੰ ਹਰਾਕੇ ਕਪੂਰਥਲਾ ਦੀ ਟੀਮ ਨੇ ਇਸ ਸਟੇਟ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ | ਜਦਕਿ ਮੁਹਾਲੀ ਨੇ ਜਲੰਧਰ ਨੂੰ ਹਰਾਕੇ ਤੀਸਰਾ ਸਥਾਨ ਹਾਸਲ ਕੀਤਾ ਤੇ ਲੁਧਿਆਣਾ ਵਿੰਗ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈਆਂ ਇਹ ਤਿੰਨ ਦਿਨਾ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਫਾਈਨਲ ਮੁਕਾਬਲਿਆਂ ਦੌਰਾਨ ਰੋਚਕ ਖੇਡ ਦੇਖਣ ਨੂੰ ਮਿਲੀ ਤੇ ਸਖ਼ਤ ਮਿਹਨਤ ਕਰਦਿਆਂ ਕਪੂਰਥਲਾ ਜ਼ਿਲ੍ਹੇ ਨੇ ਜਿੱਤ ਦਰਜ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਜੋ ਕਿ ਖ਼ੁਦ ਬਾਸਕਿਟਬਾਲ ਖਿਡਾਰੀ ਰਹੇ ਹਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਇਲਾਵਾ ਸਾਬਕਾ ਪਿ੍ੰਸੀਪਲ ਅਮਰੀਕ ਸਿੰਘ ਨੱਢਾ ਤੇ ਸਾਬਕਾ ਡਿਪਟੀ ਡਾਇਰੈਕਟਰ ਸਤੀਸ਼ ਸ਼ਰਮਾ ਵੀ ਹਾਜ਼ਰ ਸਨ | ਜੇਤੂ ਟੀਮਾਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ ਨੇ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਡੀ.ਟੀ.ਸੀ. ਦੇ ਜਨਰਲ ਸਕੱਤਰ ਪਿ੍ੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਤੇ ਲੈਕਚਰਾਰ ਜਗੀਰ ਸਿੰਘ ਨੇ ਇਨਾਮ ਵੰਡ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਨੂੰ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਸਹਿਯੋਗ ਦਿੱਤਾ | ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਪਿ੍ੰਸੀਪਲ ਨਵਚੇਤਨ ਸਿੰਘ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਪਿ੍ੰਸੀਪਲ ਮਨਜੀਤ ਸਿੰਘ, ਲੈਕਚਰਾਰ ਰਣਜੀਤ ਸਿੰਘ, ਲੈਕਚਰਾਰ ਰਾਜਵਿੰਦਰ ਕੌਰ, ਜਗੀਰ ਸਿੰਘ, ਸੁਰਜੀਤ ਸਿੰਘ ਥਿੰਦ, ਦਵਿੰਦਰ ਸਿੰਘ, ਰਕੇਸ਼ ਕੁਮਾਰ ਸੈਦਪੁਰ, ਰਮਨਦੀਪ ਕੌਰ, ਸਾਜਨ ਕੁਮਾਰ, ਮਨਜਿੰਦਰ ਸਿੰਘ, ਕੁਲਬੀਰ ਸਿੰਘ ਕਾਲੀ ਟਿੱਬਾ, ਦਿਨੇਸ਼ ਸ਼ਰਮਾ, ਪਲਵਿੰਦਰ ਸਹੋਤਾ, ਕਰਨ ਕੁਮਾਰ, ਜਗਦੀਪ ਸਿੰਘ, ਹਰਪ੍ਰੀਤਪਾਲ ਸਿੰਘ, ਅਜੀਤਪਾਲ ਸਿੰਘ ਟਿੱਬਾ, ਜਸਵਿੰਦਰ ਸਿੰਘ ਸੋਢੀ, ਰਜਿੰਦਰਪਾਲ ਸਿੰਘ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ |