ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ 'ਵਨ ਟਾਈਮ ਸੈਟਲਮੈਂਟ ਪਾਲਿਸੀ2025' ਦਾ ਲਾਭ ਆਸਾਨੀ ਨਾਲ ਮਿਲ ਸਕਣ ਦੇ ਮੰਤਵ ਨਾਲ 31 ਅਕਤੂਬਰ ਵੀਕਐਂਡ ਤੇ ਵੀ ਪ੍ਰੋਪਰਟੀ ਟੈਕਸ ਦਫ਼ਤਰ ਖੁੱਲ੍ਹਾ ਰੱਖਿਆ ਜਾਵੇਗਾ | ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਮੇਅਰ ਰਾਮ ਪਾਲ ਉੱਪਲ ਨੇ ਕਿਹਾ ਕਿ ਸਰਕਾਰ ਨਾਗਰਿਕ ਸਹੂਲਤਾਂ ਲਈ ਵਚਨਬੱਧ ਹੈ | ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਦੇ ਪ੍ਰਾਪਰਟੀ ਟੈਕਸ ਦੇ ਬਕਾਏ ਹਨ, ਉਹ ਇਸ ਮਿਤੀ ਤੱਕ ਦਫ਼ਤਰ 'ਚ ਜਮਾਂ ਕਰਵਾ ਕੇ ਯੋਜਨਾ ਦਾ ਲਾਭ ਲੈਣ | ਉਨ੍ਹਾਂ ਦੱਸਿਆ ਕਿ ਜੇਕਰ ਪ੍ਰਾਪਰਟੀ ਟੈਕਸ ਮਾਲਕ 31 ਅਕਤੂਬਰ ਤੱਕ ਪੂਰਾ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਵਿਆਜ ਤੇ ਜੁਰਮਾਨੇ 'ਚ 50% ਛੋਟ ਦਿੱਤੀ ਜਾਵੇਗੀ | ਇਸ ਪਹਿਲਕਦਮੀ ਦਾ ਉਦੇਸ਼ ਸ਼ਹਿਰ ਵਾਸੀਆਂ 'ਤੇ ਵਿੱਤੀ ਬੋਝ ਘਟਾਉਣਾ ਤੇ ਨਗਰ ਨਿਗਮ ਦੀ ਮਾਲੀਆ ਵਸੂਲੀ ਨੂੰ ਮਜ਼ਬੂਤ ਕਰਨਾ ਹੈ |