ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਪਿੰਡ ਰਾਵਲਪਿੰਡੀ ਦੇ ਨਜ਼ਦੀਕ ਦੇਰ ਰਾਤ ਟਰੈਕਟਰ ਟਰਾਲੀ ਤੇ ਇਨੋਵਾ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਨਾਲ ਦੋਵੇਂ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਨੋਵਾ ਕਾਰ ਨੰਬਰ ਪੀ.ਬੀ. ਓ.ਜੈਡ 6262 ਰੰਗ ਕਾਲਾ ਜੋ ਕਿ ਬਹੁਤ ਤੇਜ਼ ਰਫ਼ਤਾਰ ਦੇ ਨਾਲ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਵੱਲ ਨੂੰ ਆ ਰਹੀ ਸੀ | ਉਕਤ ਕਾਰ ਪਿੰਡ ਰਾਵਲਪਿੰਡੀ ਵਿਖੇ ਸਾਹਮਣੇ ਤੋਂ ਆ ਰਹੀ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਦੇ ਨਾਲ ਗਲਤ ਸਾਈਡ ਜਾ ਕੇ ਬੁਰੀ ਤਰ੍ਹਾਂ ਟਕਰਾ ਗਈ | ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਟਰੈਕਟਰ ਚਾਲਕ ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਲਪੋਤਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਿੰਡ ਤੋਂ ਟਰਾਲੀ ਵਿਚ ਤੂੜੀ ਲੱਦ ਕੇ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਰਾਤ ਕਰੀਬ 2 ਵਜੇ ਜਦੋਂ ਉਹ ਥਾਣਾ ਰਾਵਲਪਿੰਡੀ ਦੇ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਆਈ ਇਨੋਵਾ ਕਾਰ ਬੇਕਾਬੂ ਹੋ ਕੇ ਉਸ ਦੇ ਟਰੈਕਟਰ 'ਚ ਵੱਜੀ | ਜਿਸ ਨਾਲ ਟਰੈਕਟਰ ਦੇ ਟਾਇਰ ਖੁੱਲ੍ਹ ਗਏ ਤੇ ਕਾਫ਼ੀ ਨੁਕਸਾਨ ਹੋਇਆ ਹੈ | ਟਰੈਕਟਰ ਚਾਲਕ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਇਨੋਵਾ ਕਾਰ ਵਿਚ ਚਾਲਕ ਸਮੇਤ ਤਿੰਨ ਵਿਅਕਤੀ ਸਵਾਰ ਸਨ | ਥਾਣਾ ਰਾਵਲਪਿੰਡੀ ਦੇ ਐੱਸ.ਐੱਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |