ਨਡਾਲਾ, 24 ਨਵੰਬਰ (ਰਘਬਿੰਦਰ ਸਿੰਘ)-ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਕਿ ਉਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਮੌਕੇ ਸਿਰਫ਼ ਦਿਖਾਵਾ ਕਰ ਰਹੀ ਹੈ, ਜਦਕਿ ਉਨ੍ਹਾਂ ਦੇ ਕੰਮ ਗੁਰੂ ਸਾਹਿਬ ਦੇ ਫ਼ਲਸਫ਼ੇ ਦੇ ਬਿਲਕੁਲ ਉਲਟ ਹਨ | ਖਹਿਰਾ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਤੇ ਅੱਤਿਆਚਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ, ਇਸ ਦੇ ਉਲਟ 'ਆਪ' ਸਰਕਾਰ ਆਪਣੇ ਹੀ ਲੋਕਾਂ 'ਤੇ ਕਹਿਰ ਢਾਹ ਰਹੀ ਹੈ, ਫੇਕ ਐਨਕਾਉਂਟਰਾਂ ਵਿਚ ਲੱਗੀ ਹੋਈ ਹੈ, ਨੈਸ਼ਨਲ ਸਿਕਿਉਰਿਟੀ ਐਕਟ ਵਰਗੇ ਸਖ਼ਤ ਕਾਨੂੰਨ ਲਗਾ ਰਹੀ ਹੈ, ਪੰਜਾਬ ਵਿਚ ਵਿਰੋਧੀ ਆਵਾਜ਼ਾਂ ਨੂੰ ਦਬਾ ਰਹੀ ਹੈ, ਅਤੇ ਮਨੁੱਖੀ ਅਧਿਕਾਰਾਂ 'ਤੇ ਪੁਲਿਸ ਫੋਰਸ ਨਾਲ ਦਬਾਅ ਪਾ ਰਹੀ ਹੈ | ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਭੇਦਭਾਵਪੂਰਨ ਰਵੱਈਏ ਦੀ ਵੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਸਿਰਫ਼ ਇੱਕ ਵਕਤੇ ਨੂੰ ਬੋਲਣ ਦੀ ਆਗਿਆ ਦਿੱਤੀ, ਜਦਕਿ ਰਾਜ ਸਰਕਾਰ ਦੇ 10 ਵਕਤਿਆਂ ਨੂੰ ਆਗਿਆ ਦਿੱਤੀ | ਖਹਿਰਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਫਿਰ ਇੱਕ ਵਾਰ ਉਸ ਦੀ ਆਵਾਜ਼ ਦਬਾ ਦਿੱਤੀ ਗਈ, ਜਿਸ ਕਾਰਨ ਉਹ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਕੁਰਬਾਨੀ ਨੂੰ ਸਨਮਾਨ ਦੇਣ ਲਈ ਇਸ ਮੌਕੇ 'ਤੇ ਬੋਲ ਨਹੀਂ ਸਕੇ |