ਨਵੀਂ ਦਿੱਲੀ, 13 ਫਰਵਰੀ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਉਸ ਮਹਿਲਾ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ 'ਤੇ ਇਕ ਨਾਬਾਲਗ ਬੱਚੇ ਦੀ ਤਸਕਰੀ ਕਰਕੇ ਉਸ ਨੂੰ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ 'ਚ ਵਰਤੇ ਜਾਣ ਦਾ ਦੋਸ਼ ਹੈ | ਹਾਈ ਕੋਰਟ ਨੇ ਕਿਹਾ ਕਿ ਅਪਰਾਧਾਂ 'ਚ ਬੱਚਿਆਂ ਦਾ ਸ਼ੋਸ਼ਣ ਕਰਕੇ ਉਨ੍ਹਾਂ ਨੂੰ ਹਥਿਆਰ ਦੀ ਤਰ੍ਹਾਂ ਵਰਤਣਾ ਸਮਾਜ ਲਈ ਗੰਭੀਰ ਤੇ ਵਧਦਾ ਹੋਇਆ ਖ਼ਤਰਾ ਹੈ | ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਗਿਰੀਸ਼ ਕਠਪਾਲਿਆ ਨੇ ਟਿੱਪਣੀ ਕੀਤੀ ਕਿ ਅਜਿਹੇ ਮਾਮਲਿਆਂ 'ਚ ਅਗਾਊਾ ਜ਼ਮਾਨਤ ਦੇਣ ਨਾਲ ਸਮਾਜ 'ਚ ਗ਼ਲਤ ਸੁਨੇਹਾ ਜਾਵੇਗਾ | ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਮੇਂ 'ਚ ਅਪਰਾਧਾਂ ਲਈ ਬੱਚਿਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਤੇ ਅਪਰਾਧੀ ਖ਼ੁਦ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਬੱਚਿਆਂ ਦੀ ਵਰਤੋਂ ਕਰ ਰਹੇ ਹਨ | ਦਰਅਸਲ ਮੁਲਜ਼ਮ ਮਹਿਲਾ ਖ਼ਿਲਾਫ਼ ਬਾਲ ਤਸਕਰੀ ਤੇ ਗੈਰ-ਕਾਨੂੰਨੀ ਸ਼ਰਾਬ ਕਾਰੋਬਾਰ ਨਾਲ ਜੁੜੇ ਨਿਯਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਗਾਊਾ ਜ਼ਮਾਨਤ 'ਤੇ ਵਿਚਾਰ ਕਰਨ ਦੇ ਮਾਪਦੰਡ ਨਿਯਮਿਤ ਜ਼ਮਾਨਤ ਦੀ ਤੁਲਨਾ 'ਚ ਜ਼ਿਆਦਾ ਸਖ਼ਤ ਤੇ ਸੀਮਤ ਹੁੰਦੇ ਹਨ |